ਫਗਵਾੜਾ 29 ਜੂਨ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਬੀਤੇ ਦਿਨ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ੍ਰੰਸ ਦੌਰਾਨ ਪੰਜਾਬੀਆਂ ਨਾਲ ਬਿਜਲੀ ਦੇ ਤਿੰਨ ਸੌ ਯੁਨਿਟ ਫਰੀ ਦੇਣ ਸਬੰਧੀ ਕੀਤੇ ਵਾਅਦੇ ਨੂੰ ਝੂਠ ਦੀ ਪੰਡ ਦਸਦਿਆਂ ਸੀਨੀਅਰ ਭਾਜਪਾ ਵਰਕਰ ਲੱਕੀ ਸਰਵਟਾ ਅਤੇ ਉਹਨਾਂ ਦੀ ਧਰਮ ਪਤਨੀ ਇੰਦੂ ਸਰਵਟਾ ਸਮਾਜ ਸੇਵਿਕਾ ਵਾਰਡ ਨੰਬਰ 5 ਨੇ ਅੱਜ ਇੱਥੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੀ ਤੁਲਨਾ ਦਿੱਲੀ ਦੇ ਨਾਲ ਕਰਨਾ ਹੀ ਕੇਜਰੀਵਾਲ ਦੀ ਸਭ ਤੋਂ ਵੱਡੀ ਭੁੱਲ ਹੈ। ਉਹਨਾਂ ਕਿਹਾ ਕਿ ਪੰਜਾਬ ਉਪਰ ਪਹਿਲਾਂ ਹੀ ਤਿੰਨ ਲੱਖ ਕਰੋੜ ਰੁਪਏ ਦਾ ਕਰਜਾ ਹੈ। ਜੇਕਰ ਕੋਈ ਸਰਕਾਰ ਤਿੰਨ ਸੌ ਯੁਨਿਟ ਫਰੀ ਬਿਜਲੀ ਵਰਗੀ ਸਹੂਲਤ ਦੇਵੇਗੀ ਤਾਂ ਯਕੀਨੀ ਤੌਰ ਤੇ ਪੰਜਾਬ ਨੂੰ ਗਹਿਣੇ ਰੱਖਣ ਵਾਲੀ ਗੱਲ ਹੋਵੇਗੀ। ਲੱਕੀ ਸਰਵਟਾ ਨੇ ਵਿਅੰਗ ਕਰਦਿਆਂ ਕਿਹਾ ਕਿ ਅਜਿਹਾ ਵਾਅਦਾ ਕਰਨ ਵਾਲੇ ਕੇਜਰੀਵਾਲ ਦੇ ਕੋਲ ਜਾਂ ਤਾਂ ਕੋਈ ਜਾਦੂ ਦਾ ਚਿਰਾਗ ਹੋਵੇਗਾ ਜਾਂ ਫਿਰ ਉਹ ਆਪਣੇ ਘਰ ਬਿਜਲੀ ਦੇ ਪਲਾਂਟ ਲਗਾ ਕੇ ਹੀ ਲੋਕਾਂ ਨੂੰ ਫਰੀ ਬਿਜਲੀ ਦੇ ਸਕਦੇ ਹਨ। ਉਹਨਾਂ ਪੰਜਾਬ ਦੀ ਜਨਤਾ ਨੂੰ ਅਗਾਹ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਿਛਲੀਆਂ ਵਿਧਾਨਸਭਾ ਚੋਣਾਂ ਸਮੇਂ ਇਸੇ ਤਰ੍ਹਾਂ ਦੇ ਝੂਠੇ ਸਬਜਬਾਗ ਦਿਖਾਏ ਸਨ ਪਰ ਪੰਜ ਸਾਲ ਸੱਤਾ ਸੁੱਖ ਭੋਗਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਇਸੇ ਤਰ੍ਹਾਂ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਲਾਰਿਆਂ ਦੀ ਤਰ੍ਹਾਂ ਹੀ ਅਰਵਿੰਦ ਕੇਜਰੀਵਾਲ ਦੇ ਲਾਅਰੇ ਵੀ ਕੁੰਵਾਰੇ ਹੀ ਰਹਿਣਗੇ। ਉਹਨਾਂ ਕਿਹਾ ਕਿ ਫਰੀ ਦੇ ਲਾਲਚ ਵਿਚ ਦਿੱਲੀ ਦੀ ਜਨਤਾ ਨੇ ਜੋ ਸੰਤਾਪ ਭੋਗਿਆ ਹੈ ਉਸ ਤੋਂ ਪੰਜਾਬ ਦੀ ਜਨਤਾ ਨੂੰ ਸਬਕ ਲੈਣਾ ਚਾਹੀਦਾ ਹੈ।