
ਫਗਵਾੜਾ 29 ਅਪ੍ਰੈਲ (ਸ਼ਿਵ ਕੋੜਾ) ਫਗਵਾੜਾ ਦੇ ਨਜਦੀਕੀ ਪਿੰਡ ਰਾਮਗੜ੍ਹ ਵਿਖੇ ਦਲਿਤ ਨੌਜਵਾਨ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੋਈ ਹੱਤਿਆ ਦੀ ਨਖੇਦੀ ਕਰਦਿਆਂ ਸੀਨੀਅਰ ਭਾਜਪਾ ਵਰਕਰ ਲੱਕੀ ਸਰਵਟਾ ਨੇ ਅੱਜ ਇੱਥੇ ਗਲਬਾਤ ਦੌਰਾਨ ਕਿਹਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਰਾਜ ‘ਚ ਦਲਿਤਾਂ ਉਪਰ ਲਗਾਤਾਰ ਅਤਿਆਚਾਰ ਹੋ ਰਿਹਾ ਹੈ ਜਿਸਨੂੰ ਲੈ ਕੇ ਸਮੁੱਚੇ ਸਮਾਜ ਵਿਚ ਡਰ ਦਾ ਮਾਹੌਲ ਹੈ। ਸਮਾਜ ਵਿਰੋਧੀ ਅਨਸਰਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ ਕਿਉਂਕਿ ਸੱਤਾ ਧਿਰ ਦੀ ਸ਼ਹਿ ਮਿਲ ਰਹੀ ਹੈ। ਉਹਨਾਂ ਕੈਪਟਨ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਇਹ ਸਰਕਾਰ ਸੂਬੇ ਵਿਚ ਕਾਨੂੰਨ ਵਿਵਸਥਾ ਬਨਾਉਣ ਵਿਚ ਪੂਰੀ ਤਰ੍ਹਾਂ ਫੇਲ ਹੋਈ ਹੈ। ਦਲਿਤਾਂ ਅਤੇ ਕਿਸਾਨਾ ਦੀ ਹਿਤੈਸ਼ੀ ਸਰਕਾਰ ਹੋਣ ਦਾ ਦਾਅਵਾ ਕਰਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾ ਤਾਂ ਦਲਿਤਾਂ ਨੂੰ ਸਮਾਜਿਕ ਸੁਰੱਖਿਆ ਹੀ ਦੇ ਸਕੇ ਤੇ ਨਾ ਕਿਸਾਨਾ ਨੂੰ ਮੰਡੀਆਂ ਵਿਚ ਚੰਗੀਆਂ ਸਹੂਲਤਾਂ ਦੇਣ ਵਿਚ ਸਫਲ ਹੋਏ ਜਿਸ ਕਰਕੇ ਅੱਜ ਬਾਰਦਾਨੇ ਦੀ ਘਾਟ ਦੇ ਚਲਦਿਆਂ ਖੁੱਲ੍ਹੇ ਅਸਮਾਨ ਹੇਠਾਂ ਮੰਡੀਆਂ ‘ਚ ਕਣਕ ਦੀ ਫਸਲ ਬੇਮੌਸਮੀ ਬਰਸਾਤ ਨਾਲ ਖਰਾਬ ਹੋ ਰਹੀ ਹੈ। ਉਹਨਾਂ ਜਿੱਥੇ ਰਾਮਗੜ੍ਹ ਵਿਚ ਕਤਲ ਹੋਏ ਰਾਮ ਲੁਭਾਇਆ ਨਾਮਕ ਨੌਜਵਾਨ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਕੈਪਟਨ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਇਸ ਪਰਿਵਾਰ ਨੂੰ ਉਚਿਤ ਮੁਆਵਜੇ ਦਾ ਬੰਦੋਬਸਤ ਕੀਤਾ ਜਾਵੇ। ਕਤਲ ਦੇ ਦੂਸਰੇ ਦੋਸ਼ੀ ਦੀ ਤੁਰੰਤ ਗਿਰਫਤਾਰੀ ਹੋਵੇ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਖਤ ਸਜਾਵਾਂ ਦੁਆਈਆਂ ਜਾਣ। ਲੱਕੀ ਸਰਵਟਾ ਨੇ ਕੌਮੀ ਐਸ.ਸੀ. ਕਮੀਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਤੋਂ ਵੀ ਪੁਰਜੋਰ ਅਪੀਲ ਕੀਤੀ ਕਿ ਪੀੜ੍ਹਤ ਪਰਿਵਾਰ ਦੀ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕਰਦਿਆਂ ਇਨਸਾਫ ਦਿੱਤਾ ਜਾਵੇ। ਉਹਨਾਂ ਕਿਹਾ ਕਿ ਦਲਿਤਾਂ ਨਾਲ ਧੱਕੇਸ਼ਾਹੀ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।