ਫਗਵਾੜਾ 26 ਅਪ੍ਰੈਲ (ਸ਼਼ਿਵ ਕੋੋੜਾ) ਫਗਵਾੜਾ ਦੇ ਨੇੜਲੇ ਪਿੰਡ ਰਾਮਗੜ੍ਹ ਵਿਖੇ ਇਕ ਦਲਿਤ ਨੌਜਵਾਨ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੋਈ ਹੱਤਿਆ ਦੀ ਸਖਤ ਨਖੇਦੀ ਕਰਦਿਆਂ ਅੰਬੇਡਕਰ ਸੈਨਾ ਪੰਜਾਬ ਦੇ ਚੇਅਰਮੈਨ ਰਜਿੰਦਰ ਘੇੜਾ, ਸੂਬਾ ਜਨਰਲ ਸਕੱਤਰ ਕੁਲਵੰਤ ਭੁੰਨੋ, ਲੀਗਲ ਐਡਵਾਈਜਰ ਹਨੀ ਆਜਾਦ (ਐਡਵੋਕੇਟ) ਅਤੇ ਧਰਮਿੰਦਰ ਭੁੱਲਾਰਾਈ ਨੇ ਕਿਹਾ ਕਿ ਪੰਜਾਬ ਵਿਚ ਦਲਿਤਾਂ ਉਪਰ ਹੋਣ ਵਾਲੇ ਅਤਿਆਚਾਰਾਂ ਨੂੰ ਰੋਕਣ ਵਿਚ ਇੱਥੋਂ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ। ਉਹਨਾਂ ਸਾਂਝੇ ਤੌਰ ਤੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮੌਜੂਦਾ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਤਕਰੀਬਨ ਸਾਢੇ ਚਾਰ ਸਾਲ ਤੋਂ ਹਰ ਜਿਲ੍ਹੇ ਵਿਚ ਦਲਿਤਾਂ ਉਪਰ ਅਤਿਆਚਾਰ ਹੋ ਰਹੇ ਹਨ ਪਰ ਕੈਪਟਨ ਸਰਕਾਰ ਮੂਕ ਦਰਸ਼ਕ ਬਣੀ ਰਹੀ। ਹੁਣ ਜਦੋਂ 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਨਜਦੀਕ ਆ ਰਹੀਆਂ ਹਨ ਤਾਂ ਇਕ ਵਾਰ ਫਿਰ ਦਲਿਤ ਭਾਈਚਾਰੇ ਨੂੰ ਵਰਗਲਾਉਣ ਲਈ ਲੋਲੀਪਾਪ ਦੇਣੇ ਸ਼ੁਰੂ ਕਰ ਦਿੱਤੇ ਹਨ। ਉਕਤ ਆਗੂਆਂ ਨੇ ਮਿ੍ਰਤਕ ਦੇ ਪਰਿਵਾਕ ਮੈਂਬਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਫਗਵਾੜਾ ਪੁਲਿਸ ਤੋਂ ਪੁਰਜੋਰ ਮੰਗ ਕੀਤੀ ਕਿ ਕਾਤਲਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਜੇਲ੍ਹ ਵਿਚ ਡੱਕਿਆ ਜਾਵੇ। ਉਹਨਾਂ ਕੈਪਟਨ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਰਕ ਦਲਿਤਾਂ ਉਪਰ ਅਤਿਆਚਾਰ ਇਸੇ ਤਰ੍ਹਾਂ ਜਾਰੀ ਰਹੇ ਤਾਂ ਜਲਦੀ ਹੀ ਹਮਖਿਆਲੀ ਜੱਥੇਬੰਦੀਆਂ ਅਤੇ ਦਲਿਤ ਭਾਈਚਾਰੇ ਦੀ ਮਹਾਪੰਚਾਇਤ ਬੁਲਾ ਕੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਰਾਜਵੀਰ ਪਾਲਦੀ, ਅਮਨਦੀਪ ਝੱਲੀ, ਸੰਦੀਪ ਦੀਪਾ ਆਦਿ ਹਾਜਰ ਸਨ