ਫਗਵਾੜਾ 7 ਅਪ੍ਰੈਲ (ਸ਼ਿਵ ਕੋੜਾ) ਦਲਿਤ ਸਮਾਜ ਦੀ ਤੁਲਨਾ ਪੈਰ ਦੀ ਜੁੱਤੀ ਨਾਲ ਕਰਨ ਵਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਤੁਲਨਾ ਪੈਰ ਦੀ ਜੁੱਤੀ ਨਾਲ ਕਰਨ ਸਬੰਧੀ ਟਿੱਪਣੀ ਦੀ ਸਖ਼ਤ ਨਖੇਦੀ ਕਰਦਿਆਂ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਡਾ. ਹਰਜਿੰਦਰ ਸਿੰਘ ਜੱਖੂ ਨੇ ਜਿੱਥੇ ਕਾਂਗਰਸ ਪਾਰਟੀ ਤੋਂ ਸੁਨੀਲ ਜਾਖੜ ਨੂੰ ਪਾਰਟੀ ਤੋਂ ਬਾਹਰ ਕਰਨ ਦੀ ਮੰਗ ਕੀਤੀ ਹੈ ਉੱਥੇ ਹੀ ਕਿਹਾ ਕਿ ਸੁਨੀਲ ਜਾਖੜ ਆਪਣੀ ਉਕਤ ਘੋਰ ਨਿੰਦਣਯੋਗ ਟਿੱਪਣੀ ਲਈ ਸਮੁੱਚੇ ਦਲਿਤ ਸਮਾਜ ਤੋਂ ਤੁਰੰਤ ਮੁਆਫੀ ਮੰਗੇ ਨਹੀਂ ਤਾਂ ਪੰਜਾਬ ਐਸ.ਸੀ. ਕਮੀਸ਼ਨ ਨਾਲ ਰਾਬਤਾ ਕਰਕੇ ਜਾਖੜ ਖਿਲਾਫ ਐਸ.ਸੀ/ਐਸ.ਟੀ. ਐਕਟ ਅਧੀਨ ਕਾਰਵਾਈ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਦਲਿਤ ਸਮਾਜ ਦੇ ਕਿਸੇ ਵੀ ਆਗੂ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਕਿਉਂ ਨਾ ਹੋਵੇ ਪਰ ਜਾਤੀ ਨੂੰ ਲੈ ਕੇ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਸੁਨੀਲ ਜਾਖੜ ਦੀ ਇਕ ਇੰਟਰਵਿਊ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਵਿਚ ਉਹ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ ਦੇ ਹਾਈਕਮਾਂਡ ਦੇ ਫੈਸਲੇ ਨੂੰ ਲੈ ਕੇ ਕਹਿੰਦੇ ਹਨ ਕਿ, ‘ਜੁੱਤੀ ਭਾਂਵੇ ਕਿੰਨੀ ਵੀ ਮਹਿੰਗੀ ਕਿਉਂ ਨਾ ਹੋਵੇ ਪਰ ਪਾਈ ਪੈਰਾਂ ਵਿਚ ਹੀ ਜਾਂਦੀ ਹੈ। ਇਸ ਵੀਡੀਓ ਨੂੰ ਲੈ ਕੇ ਸਮੁੱਚੇ ਦਲਿਤ ਸਮਾਜ ਵਿਚ ਸੁਨੀਲ ਜਾਖੜ ਦੇ ਪ੍ਰਤੀ ਭਾਰੀ ਗੁੱਸੇ ਦੀ ਲਹਿਰ ਹੈ ਅਤੇ ਥਾਂ-ਥਾਂ ਤੇ ਸੁਨੀਲ ਜਾਖੜ ਦੇ ਪੁਤਲੇ ਫੂਕੇ ਜਾ ਰਹੇ ਹਨ।