ਜਲੰਧਰ, 25 ਫਰਵਰੀ

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਵੱਖ-ਵੱਖ ਨਾਗਰਿਕ ਕੇਂਦਰਿਤ ਸੇਵਾਵਾਂ ਦੇ ਬਿਨੈਕਾਰਾਂ ਨੂੰ ਤੁਰੰਤ ਆਪਣੇ 8640 ਤਿਆਰ ਦਸਤਾਵੇਜ਼ ਪ੍ਰਾਪਤ ਕਰਨ ਦੀ ਅਪੀਲ ਕੀਤੀ, ਜੋ ਕਿ ਪਿਛਲੇ ਸਾਲ ਅਗਸਤ ਤੋਂ ਸੇਵਾ ਕੇਂਦਰਾਂ ਵਿੱਚ ਪਏ ਹਨ।   ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਸਮੀਖਿਆ ਬੈਠਕ ਵਿੱਚ ਭਾਗ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਦਸਤਾਵੇਜ਼ ਸੇਵਾ ਕੇਂਦਰਾਂ ਵੱਲੋਂ ਵੱਖ-ਵੱਖ ਬਿਨੈਕਾਰਾਂ ਵੱਲੋਂ ਦਿੱਤੀਆਂ ਅਰਜ਼ੀਆਂ ਦੇ ਆਧਾਰ ’ਤੇ ਤਿਆਰ ਕੀਤੇ ਗਏ ਸਨ ਪਰ ਬਿਨੈਕਾਰ ਆਪਣੇ ਦਸਤਾਵੇਜ਼ ਪ੍ਰਾਪਤ ਕਰਨ ਨਹੀਂ ਆਏ। ਉਨ੍ਹਾਂ ਕਿਹਾ ਕਿ ਕਿਉਂਕਿ ਸੇਵਾ ਕੇਂਦਰਾਂ ਵਿੱਚ ਥਾਂ ਦੀ ਘਾਟ ਹੈ, ਇਸ ਲਈ ਇਨ੍ਹਾਂ ਦਸਤਾਵੇਜ਼ਾਂ ਨੂੰ ਵਧੇਰੇ ਸਮੇਂ ਲਈ ਰੱਖਣਾ ਸੰਭਵ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਦਸਤਾਵੇਜ਼ਾਂ ਨੂੰ ਹਾਸਲ ਨਾ ਕਰਨ ਦੀ ਸੂਰਤ ਵਿੱਚ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਨ੍ਹਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ।   ਡਿਪਟੀ ਕਮਿਸ਼ਨਰ ਨੇ ਸੇਵਾ ਕੇਂਦਰਾਂ ਵਿਚ ਓਟੀਪੀ ਅਧਾਰਤ ਦਸਤਾਵੇਜ਼ ਸਪੁਰਦਗੀ ਪ੍ਰਣਾਲੀ ਸ਼ੁਰੂ ਕਰਨ ਦਾ ਪ੍ਰਸਤਾਵ ਵੀ ਰੱਖਿਆ, ਜਿਸ ਨਾਲ ਬਿਨੈਕਾਰਾਂ ਨੂੰ ਦਸਤਾਵੇਜ਼ਾਂ ਦੀ ਨਿਰਵਿਘਨ ਡਲਿਵਰੀ ਹੋਰ ਮਜ਼ਬੂਤ ਹੋ ਸਕੇਗੀ। ਇਸ ਪ੍ਰਣਾਲੀ ਤਹਿਤ ਡਲਿਵਰੀ ਦੇ ਸਮੇਂ ਬਿਨੈਕਾਰਾਂ ਨੂੰ ਇਕ ਵਨ ਟਾਈਮ ਪਾਸਵਰਡ (ਓਟੀਪੀ) ਭੇਜਿਆ ਜਾਵੇਗਾ, ਜਿਸ ਨੂੰ ਬਿਨੈਕਾਰਾਂ ਨੂੰ ਡਲਿਵਰੀ ਕਾਊਂਟਰ ‘ਤੇ ਸਾਂਝਾ ਕਰਨਾ ਹੋਵੇਗਾ। ਸ਼੍ਰੀ ਥੋਰੀ ਨੇ ਬਿਨੈਕਾਰਾਂ ਵੱਲੋਂ ਸਪੁਰਦਗੀ ਦੀ ਨਿਰਧਾਰਤ ਮਿਤੀ ਤੋਂ 3 ਮਹੀਨਿਆਂ ਬਾਅਦ ਵੀ ਸੇਵਾ ਕੇਂਦਰਾਂ ਤੋਂ ਆਪਣੇ ਤਿਆਰ ਕੀਤੇ ਦਸਤਾਵੇਜ਼ ਪ੍ਰਾਪਤ ਨਾ ਕਰਨ ਦੇ ਮਾਮਲਿਆਂ ਵਿੱਚ ਜੁਰਮਾਨੇ ਦੀ ਵਿਵਸਥਾ ਨੂੰ ਲਾਗੂ ਕਰਨ ਲਈ ਵੀ ਕਿਹਾ    ਇਸ ਤੋਂ ਇਲਾਵਾ ਬਿਨੈਕਾਰਾਂ ਨੂੰ ਆਪਣੀਆਂ ਅਰਜ਼ੀਆਂ ਦੇਣ ਸਮੇਂ ਡਾਕ ਖਰਚਿਆਂ ਦੀ ਅਦਾਇਗੀ ਕਰਨ ‘ਤੇ ਤਿਆਰ ਕੀਤੇ ਦਸਤਾਵੇਜ਼ਾਂ ਦੀ ਹੋਮ ਡਲਿਵਰੀ ਦਾ ਵਿਕਲਪ ਵੀ ਪੇਸ਼ ਕੀਤਾ ਜਾਵੇਗਾ।  ਸਪੁਰਦਗੀ ਲਈ ਪੈਂਡਿੰਗ ਤਿਆਰ ਪਏ ਦਸਤਾਵੇਜ਼ਾਂ ਵਿੱਚ ਐਫੀਡੇਵਿਟਾਂ ਦੇ 2721 ਦਸਤਾਵੇਜ਼, ਮਾਲ ਰਿਕਾਰਡ ਦੀਆਂ ਪ੍ਰਮਾਣਿਤ ਕਾਪੀਆਂ ਅਤੇ ਆਮਦਨੀ ਪ੍ਰਮਾਣ ਪੱਤਰ ਸ਼ਾਮਲ ਹਨ। ਇਸੇ ਤਰ੍ਹਾਂ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਸੇਵਾਵਾਂ ਨਾਲ ਸਬੰਧਤ 5826 ਦਸਤਾਵੇਜ਼, ਖੇਤੀਬਾੜੀ ਵਿਭਾਗ ਨਾਲ ਸਬੰਧਤ ਸੇਵਾਵਾਂ ਲਈ 37 ਦਸਤਾਵੇਜ਼ ਅਤੇ ਕਾਊਂਟਰ ਹਸਤਾਖਰ ਸੰਬੰਧੀ ਸੇਵਾਵਾਂ ਦੇ 56 ਦਸਤਾਵੇਜ਼ ਜਿਲ੍ਹੇ ਦੇ 33 ਸੇਵਾ ਕੇਂਦਰਾਂ ਪਾਸ ਸਪੁਰਦਗੀ ਲਈ ਪੈਂਡਿੰਗ ਪਏ ਹਨ।