ਫਗਵਾੜਾ 17 ਜੂਨ (ਸ਼ਿਵ ਕੋੜਾ) ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਫਗਵਾੜਾ ਵਿਖੇ ਵੱਡੀ ਪੱਧਰ ਤੇ ਭ੍ਰਿਸ਼ਟਾਚਾਰ ਹੋਣ ਦੇ ਸੰਗੀਨ ਦੋਸ਼ ਲਾਏ ਹਨ। ਅੱਜ ਇੱਥੇ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਅਨੇਕਾਂ ਪਿੰਡਾਂ ਦੇ ਸਰਪੰਚਾਂ, ਪੰਚਾਂ, ਨੰਬਰਦਾਰਾਂ ਅਤੇ ਬਲਾਕ ਸੰਮਤੀ ਮੈਂਬਰਾਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਜਦੋਂ ਵੀ ਉਹ ਆਮ ਜਨਤਾ ਨਾਲ ਜੁੜਿਆ ਮਹਿਕਮੇ ਨਾਲ ਸਬੰਧਤ ਕੰਮ ਕਰਵਾਉਣ ਲਈ ਬੀ.ਡੀ.ਪੀ.ਓ. ਦਫਤਰ ਜਾਂਦੇ ਹਨ ਤਾਂ ਉਹਨਾਂ ਤੋਂ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ। ਜਿਸ ਨਾਲ ਜਨਤਾ ਵਿਚ ਸਰਕਾਰ ਦਾ ਅਕਸ ਖਰਾਬ ਹੋ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀਆਂ ਵਿਧਾਨਸਭਾ ਚੋਣਾਂ ਸਮੇਂ ਸਮੂਹ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰੀ ਮਹਿਕਮਿਆਂ ਵਿਚ ਭ੍ਰਿਸ਼ਟਾਚਾਰ ਨੂੰ ਜੜੋਂ ਮੁਕਾਇਆ ਜਾਵੇਗਾ ਅਤੇ ਸਰਕਾਰ ਨੇ ਇਸ ਦਿਸ਼ਾ ਵਿਚ ਕਾਫੀ ਕੰਮ ਵੀ ਕੀਤਾ ਹੈ। ਬਹੁਤ ਸਾਰੇ ਸਰਕਾਰੀ ਕੰਮ ਹੁਣ ਆਨਲਾਈਨ ਹੀ ਕਰਵਾਏ ਜਾ ਸਕਦੇ ਹਨ ਜਿਸ ਨਾਲ ਨਾ ਸਿਰਫ ਲੋਕਾਂ ਦਾ ਸਮਾਂ ਬਚਦਾ ਹੈ ਪਰ ਨਾਲ ਹੀ ਸਰਕਾਰੀ ਅਧਿਕਾਰੀਆਂ ਦੇ ਦਫਤਰਾਂ ‘ਚ ਖੱਜਲ ਖੁਆਰ ਨਹੀਂ ਹੋਣਾ ਪੈਂਦਾ ਤੇ ਕਿਸੇ ਤਰ੍ਹਾਂ ਦੀ ਰਿਸ਼ਵਤ ਵੀ ਨਹੀਂ ਦੇਣੀ ਪੈਂਦੀ ਲੇਕਿਨ ਬੀ.ਡੀ.ਪੀ.ਓ. ਦਫਤਰ ਫਗਵਾੜਾ ਵਿਚ ਜੋ ਕੁੱਝ ਚਲ ਰਿਹਾ ਹੈ ਉਹ ਬਹੁਤ ਹੀ ਦੁਖਦ ਹੈ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਬੰਧਤ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ ਪੁਰਜੋਰ ਅਪੀਲ ਕੀਤੀ ਕਿ ਫਗਵਾੜਾ ‘ਚ ਤਾਇਨਾਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦਾ ਤੁਰੰਤ ਤਬਾਦਲਾ ਕੀਤਾ ਜਾਵੇ ਅਤੇ ਦਫਤਰ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਖਤ ਹਦਾਇਤ ਕੀਤੀ ਜਾਵੇ ਕਿ ਉਹ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਤੋਂ ਦੂਰ ਰਹਿਣ। ਪੰਚਾਇਤਾਂ, ਨੰਬਰਦਾਰਾਂ ਅਤੇ ਬਲਾਕ ਸੰਮਤੀ, ਜਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਖੱਜਲ ਖੁਆਰ ਨਾ ਕੀਤਾ ਜਾਵੇ ਅਤੇ ਉਹਨਾਂ ਤੋਂ ਆਮ ਲੋਕਾਂ ਨਾਲ ਜੁੜੇ ਕੰਮਾਂ ਦੇ ਬਦਲੇ ਕੋਈ ਵੀ ਨਜਾਇਜ ਵਸੂਲੀ ਨਾ ਕੀਤੀ ਜਾਵੇ।