ਫਗਵਾੜਾ 23 ਫਰਵਰੀ (ਸ਼ਿਵ ਕੋੜਾ) ਸੰਯੁਕਤ ਕਿਸਾਨ ਮੋਰਚਾ ਦਿੱਲੀ ਪੁਲਿਸ ਵਲੋਂ 26 ਜਨਵਰੀ ਦੀ ਘਟਨਾ ਨੂੰ ਲੈ ਕੇ ਗਿਰਫਤਾਰ ਕੀਤੇ ਕਿਸਾਨਾ ਅਤੇ ਨੌਜਵਾਨਾਂ ਨੂੰ ਆਪਣੀ ਜਿੰਮੇਵਾਰੀ ਉਪਰ ਛੁਡਾ ਕੇ ਲਿਆਏਗਾ। ਇਹ ਗੱਲ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਨਵਜਿੰਦਰ ਸਿੰਘ ਬਾਹੀਆ ਨੇ ਮੌਲੀ ਗੇਟ ਜੀਟੀ ਰੋਡ ਜਮਾਲਪੁਰ ਵਿਖੇ ਜਾਰੀ ਦਿੱਲੀ ਬਾਰਡਰਾਂ ਤੇ ਲਗਾਏ ਕਿਸਾਨ ਮੋਰਚੇ ਵਿਚ ਸ਼ਾਮਲ ਹੋਣ ਲਈ ਆਉਣ ਜਾਣ ਵਾਲੀ ਸੰਗਤ ਦੀ ਸੇਵਾ ਵਿਚ ਲਗਾਏ ਲੰਗਰ ਦੌਰਾਨ ਗੱਲਬਾਤ ਦੌਰਾਨ ਕਹੀ। ਉਹਨਾਂ ਕਿਹਾ ਕਿ ਕਿਸਾਨਾ ਦਾ ਸੰਘਰਸ਼ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਹਣ ਤੱਕ ਜਾਰੀ ਰਹੇਗਾ। ਕਿਸਾਨ ਨਾ ਠੰਡ ਤੋਂ ਡਰੇ ਹਨ ਤੇ ਨਾ ਹੀ ਆਉਂਦੇ ਦਿਨਾਂ ਵਿਚ ਪੈਣ ਵਾਲੀ ਗਰਮੀ ਤੋਂ ਘਬਰਾਉਣਗੇ। ਕਿਸਾਨਾ ਨੂੰ ਕੋਈ ਮੌਸਮ, ਕੋਈ ਬਿਮਾਰੀ ਤੇ ਕੋਈ ਸਰਕਾਰ ਹਰਾ ਨਹੀਂ ਸਕਦੀ। ਉਹਨਾਂ ਕਿਹਾ ਕਿ 26 ਜਨਵਰੀ ਤੋਂ ਬਾਅਦ ਅੰਦੋਲਨਕਾਰੀ ਕਿਸਾਨਾ ਵਿਚ ਥੋੜੀ ਨਿਰਾਸ਼ਾ ਜਰੂਰ ਆਈ ਸੀ ਪਰ ਉਹਨਾਂ ਦਾ ਹੌਸਲਾ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੈ। ਹੁਣ ਵੀ ਵੱਡੀ ਗਿਣਤੀ ਵਿਚ ਕਿਸਾਨ ਸਿੰਘੂ ਬਾਰਡਰ ‘ਤੇ ਮੌਜੂਦ ਹਨ। ਕਿਸਾਨਾ ਦੀ ਸੰਖਿਆ ਵਿਚ ਕੋਈ ਕਮੀ ਨਹੀਂ ਆਈ ਹੈ। ਸਿਰਫ ਉਹੀ ਕਿਸਾਨ ਵਾਪਸ ਪਰਤੇ ਹਨ ਜੋ 26 ਜਨਵਰੀ ਦੀ ਪਰੇਡ ਵਿਚ ਸ਼ਾਮਲ ਹੋਣ ਲਈ ਦੋ ਦਿਨ ਦਾ ਸਮਾਂ ਲੈ ਕੇ ਦਿੱਲੀ ਗਏ ਸੀ। ਮਨਜੀਤ ਸਿੰਘ ਰਾਏ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨਾ ਬਾਰੇ ਹਰ ਗਲਤ ਫਹਿਮੀ ਦੂਰ ਕਰਨ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਦਿੱਲੀ, ਹਰਿਆਣਾ ਅਤੇ ਚੰਡੀਗੜ੍ਹ ਬਾਰ ਕੌਂਸਲ ਸੰਯੁਕਤ ਕਿਸਾਨ ਮੋਰਚਾ ਨੂੰ ਪੂਰਾ ਸਹਿਯੋਗ ਕਰ ਰਹੀ ਹੈ। ਮੋਰਚੇ ਨੇ ਲੀਗਲ ਸੈਲ ਦਾ ਗਠਨ ਕਰ ਦਿੱਤਾ ਹੈ। ਹੁਣ ਤੱਕ 121 ਵਿਚੋਂ 45 ਗਿਰਫਤਾਰ ਵਿਅਕਤੀਆਂ ਦੀ ਜਮਾਨਤ ਕਰਵਾਈ ਜਾ ਚੁੱਕੀ ਹੈ। ਬਾਕੀ ਲੋਕਾਂ ਦੀ ਵੀ ਜਲਦੀ ਜਮਾਨਤ ਹੋ ਜਾਵੇਗੀ। ਉਹਨਾਂ ਕਿਹਾ ਕਿ ਜੋ ਪਰਚੇ ਦੀਪ ਸਿੱਧੂ ਜਾਂ ਲੱਖਾ ਸਿਧਾਣਾ ਖਿਲਾਫ ਦਰਜ ਹਨ ਉਹਨਾਂ ਧਾਰਾਵਾਂ ਵਿਚ ਹੀ 32 ਕਿਸਾਨ ਆਗੂਆਂ ਨੂੰ ਵੀ ਨਾਮਜਦ ਕੀਤਾ ਗਿਆ ਹੈ ਪਰ ਸਰਕਾਰ ਦੇ ਕਿਸੇ ਡਰਾਵੇ ਤੋਂ ਕਿਸਾਨ ਨਹੀਂ ਡਰਣਗੇ। ਇਹ ਅੰਦੋਲਨ ਸਿਰਫ ਪੰਜਾਬ ਦਾ ਨਹੀਂ ਬਲਕਿ ਹੁਣ ਪੂਰੇ ਦੇਸ਼ ਦਾ ਬਣ ਚੁੱਕਾ ਹੈ ਜਿਸਨੂੰ ਪੂਰੀ ਦੁਨੀਆ ਦਾ ਸਮਰਥਨ ਪ੍ਰਾਪਤ ਹੈ।