ਫਗਵਾੜਾ 2 ਜਨਵਰੀ (ਸ਼ਿਵ ਕੋੜਾ) ਮਾਰਕਿਟ ਕਮੇਟੀ ਫਗਵਾੜਾ ਦੇ ਉਪ ਚੇਅਰਮੈਨ ਜਗਜੀਵਨ ਲਾਲ ਖਲਵਾੜਾ ਨੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸ੍ਰ. ਬੂਟਾ ਸਿੰਘ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੱਜ ਇੱਥੇ ਸਵ. ਬੂਟਾ ਸਿੰਘ ਦੇ ਭਾਣਜੇ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਦੇ ਗ੍ਰਹਿ ਵਿਖੇ ਉਹਨਾਂ ਨਾਲ ਦੁੱਖ ਸਾਂਝਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਜੀਵਨ ਲਾਲ ਖਲਵਾੜਾ ਨੇ ਕਿਹਾ ਕਿ ਸ੍ਰ. ਬੂਟਾ ਸਿੰਘ ਨੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਅਤੇ ਲੰਬੇ ਸਿਆਸੀ ਤਜੁਰਬੇ ਸਦਕਾ ਪਾਰਟੀ ਨੂੰ ਕਈ ਵਾਰ ਮੁਸ਼ਕਲ ਸਮੇਂ ਵਿਚੋਂ ਕੱਢਿਆ। ਉਹਨਾਂ ਕੇਂਦਰੀ ਮੰਤਰੀ ਵਜੋਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਦੀ ਮਜਬੂਤੀ ਲਈ ਵੀ ਵਢਮੁੱਲਾ ਯੋਗਦਾਨ ਪਾਇਆ। ਦਲਿਤਾਂ ਦੀ ਭਲਾਈ ਲਈ ਉਹਨਾਂ ਕਾਫੀ ਕੰਮ ਕੀਤਾ ਅਤੇ ਖਾਸ ਤੌਰ ਤੇ ਮਜਹਬੀ ਸਿੱਖ ਭਾਈਚਾਰੇ ਨੂੰ ਕਾਂਗਰਸ ਪਾਰਟੀ ਦੇ ਨਾਲ ਜੋੜਨ ‘ਚ ਅਹਿਮ ਭੂਮਿਕਾ ਅਦਾ ਕੀਤੀ। ਉਹਨਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ ਦੇ ਨਾਲ ਹੀ ਪਾਰਟੀ ਅਤੇ ਦੇਸ਼ ਨੂੰ ਵੀ ਕਦੇ ਪੂਰਾ ਨਾ ਹੋਣ ਵਾਲਾ ਨੁਕਸਾਨ ਹੋਇਆ ਹੈ। ਉਹਨਾਂ ਪਰਮਾਤਮਾ ਅੱਗੇ ਸ੍ਰ. ਬੂਟਾ ਸਿੰਘ ਦੀ ਆਤਮਿਕ ਸ਼ਾਂਤੀ ਅਤੇ ਗੁਰੂ ਚਰਨਾਂ ਵਿਚ ਨਿਵਾਸ ਬੱਖਸ਼ਣ ਲਈ ਅਰਦਾਸ ਵੀ ਕੀਤੀ।