ਫਗਵਾੜਾ 22 ਫਰਵਰੀ (ਸ਼ਿਵ ਕੋੜਾ) ਸੀਨੀਅਰ ਭਾਜਪਾ ਆਗੂ ਅਤੇ ਨਗਰ ਨਿਗਮ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਅੱਜ ਇੱਥੇ ਗਲਬਾਤ ਕਰਦਿਆਂ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਖਾਦ ਸੁਰੱਖਿਆ ਸਕੀਮ ਅਧੀਨ ਭੇਜੀ ਜਾਂਦੀ ਦੋ ਰੁਪਏ ਕਿਲੋ ਵਾਲੀ ਕਣਕ ਦੀ ਸ਼ਹਿਰ ਵਿਚ ਵੰਡ ਨਾ ਹੋਣ ਦੇ ਚਲਦਿਆਂ ਗਰੀਬ ਜਨਤਾ ਪਰੇਸ਼ਾਨ ਹੋ ਰਹੀ ਹੈ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਪਿਛਲੀਆਂ ਵਿਧਾਨਸਭਾ ਚੋਣਾਂ ਵਿਚ ਵਾਅਦਾ ਕੀਤਾ ਸੀ ਕਿ ਕਣਕ ਦੇ ਨਾਲ ਖੰਡ ਤੇ ਚਾਹ ਪੱਤੀ ਵੀ ਦੇਣਗੇ ਅਤੇ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਇਸ ਗੱਲ ਨੂੰ ਕਈ ਵਾਰੀ ਦੋਹਰਾ ਚੁੱਕੇ ਹਨ ਲੇਕਿਨ ਕੈਪਟਨ ਸਰਕਾਰ ਨੇ ਖੰਡ ਤੇ ਚਾਹ ਪੱਤੀ ਤਾਂ ਕੀ ਦੇਣੀ ਸੀ ਬਲਕਿ ਜਨਤਾ ਨੂੰ ਪਹਿਲਾਂ ਤੋਂ ਮਿਲਦੀ ਆ ਰਹੀ ਸਸਤੀ ਕਣਕ ਦੀ ਸਪਲਾਈ ਵੀ ਨਹੀਂ ਕੀਤੀ ਜਾ ਰਹੀ। ਉਹਨਾਂ ਦੱਸਿਆ ਕਿ ਕੈਪਟਨ ਸਰਕਾਰ ਬਣਨ ਤੋਂ ਬਾਅਦ ਬਹੁਤ ਸਾਰੇ ਨੀਲੇ ਕਾਰਡ ਕੈਂਸਲ ਕਰ ਦਿੱਤੇ ਗਏ ਸੀ ਜਿਸ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਫਗਵਾੜਾ ਦੇ ਲੋੜਵੰਦ ਲੋਕਾਂ ਦੇ ਤਿੰਨ ਹਜਾਰ ਨਵੇਂ ਨੀਲੇ ਕਾਰਡ ਬਨਾਉਣ ਦਾ ਉਪਰਾਲਾ ਕੀਤਾ ਹੈ ਤਾਂ ਜੋ ਹਰ ਜਰੂਰਤਮੰਦ ਵਿਅਕਤੀ ਨੂੰ ਨੀਲੇ ਕਾਰਡ ‘ਤੇ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਦਾ ਲਾਭ ਯਕੀਨੀ ਬਣਾਇਆ ਜਾ ਸਕੇ। ਉਹਨਾਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਫਗਵਾੜਾ ਦੇ ਕਾਂਗਰਸੀ ਆਗੂਆਂ ਤੇ ਵੀ ਵਿਅੰਗ ਕਰਦਿਆਂ ਕਿਹਾ ਕਿ ਜੋ ਕਾਂਗਰਸੀ ਆਗੂ ਸ਼ਹਿਰ ਦੀ ਕਾਰਪੋਰੇਸ਼ਨ ਉਪਰ ਕਬਜਾ ਕਰਨ ਅਤੇ ਮੇਅਰ ਦੀ ਕੁਰਸੀ ਤੇ ਬੈਠਣ ਦਾ ਸਪੁਨਾ ਦੇਖ ਰਹੇ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਪਹਿਲਾਂ ਕੈਪਟਨ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਕੀਤੇ 2500 ਰੁਪਏ ਮਹੀਨਾ ਬੇਰੁਜਗਾਰੀ ਭੱਤਾ, ਲੋੜਵੰਦਾਂ ਨੂੰ ਦੋ ਹਜਾਰ ਰੁਪਏ ਮਹੀਨਾ ਪੈਨਸ਼ਨ, ਹਰ ਘਰ ਨੌਕਰੀ, ਨੌਜਵਾਨਾਂ ਨੂੰ ਸਮਾਰਟ ਫੋਨ ਵਰਗੇ ਹਵਾਈ ਵਾਅਦਿਆਂ ਨੂੰ ਜਮੀਨੀ ਤੌਰ ਤੇ ਪੂਰੇ ਕਰਵਾਉਣ। ਵਾਰਡ ਪੱਧਰ ਤੇ ਲੋਕਾਂ ਨੂੰ ਸਰਕਾਰੀ ਕਣਕ ਦੀ ਆਪੂਰਤੀ ਕਰਵਾਉਣ ਤਾਂ ਜੋ ਕੋੋਰੋਨਾ ਆਫਤ ਦੇ ਮੁਸ਼ਕਲ ਸਮੇਂ ਵਿਚ ਕਿਸੇ ਨੂੰ ਭੁੱਖੇ ਢਿੱਡ ਨਾ ਸੌਂਣਾ ਪਵੇ।