ਮਹਿਤਪੁਰ 6 ਨਵੰਬਰ ( ) – ਸੰਯੁਕਤ ਕਿਸਾਨ ਮੋਰਚੇ ਦੀਆਂ ਜੱਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਪਿੰਡ ਉਧੋਵਾਲ ਵਿਖੇ ਇੱਕ ਧਾਰਮਿਕ ਡੇਰੇ ਨੂੰ ਨਿੱਜੀ ਲਾਭ ਦੇਣ ਲਈ ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਅਕਵਾਇਰ ਕਰਨ ਦੀ ਡੱਟ ਕੇ ਵਿਰੋਧਤਾ ਕੀਤੀ ਗਈ ਅਤੇ ਇਸ ਦੇ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨਾਂ ਵਿੱਚ ਦਹਿਸ਼ਤ ਪਾਉਣ ਲਈ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਚ ਪੁਲਿਸ ਤਾਇਨਾਤ ਕੀਤੀ ਗਈ। ਪਿੰਡ ਵਿੱਚ ਪੂਰਾ ਤਣਾਅ ਬਣਿਆ ਹੋਇਆ ਹੈ। ਖ਼ਬਰ ਲਿਖੇ ਜਾਣ ਤੱਕ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨ ਔਰਤਾਂ-ਮਰਦ ਮੋਰਚੇ ਉੱਤੇ ਡਟੇ ਹੋਏ ਹਨ। ਕਿਸਾਨਾਂ ਦੀ ਤਿੱਖੀ ਵਿਰੋਧਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਮਸਲੇ ਦੇ ਹੱਲ ਲਈ 22 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਨੂੰ ਜਲੰਧਰ ਦੇ ਸਰਕਟ ਹਾਊਸ ਵਿਖੇ ਗੱਲਬਾਤ ਦਾ ਸੱਦਾ ਦੇਣਾ ਪਿਆ।
ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ ਤੇ ਸੁਰਜੀਤ ਸਿੰਘ ਸਮਰਾ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਅਮਰਜੋਤ ਸਿੰਘ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਮੇਤ ਦੇਸ਼ ਭਰ ਰਾਜ ਕਿਸਾਨੀ ਤੇ ਜ਼ਮੀਨ ਬਚਾਉਣ ਦੀ ਲੜਾਈ ਦਿੱਲੀ ਦੇ ਬਾਰਡਰਾਂ ਤੇ ਲੜ ਰਹੇ ਹਨ ਦੂਸਰੇ ਪਾਸੇ ਪੰਜਾਬ ਸਰਕਾਰ ਧੱਕੇ ਨਾਲ ਜ਼ਮੀਨ ਅਕਵਾਇਰ ਕਰਨ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਕਰਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਆਗੂਆਂ ਦੱਸਿਆ ਕਿ ਪੀੜਤ ਕਿਸਾਨਾਂ ਨੇ ਵਾਹੀਯੋਗ ਜ਼ਮੀਨਾਂ ਧਾਰਮਿਕ ਡੇਰੇ ਨੂੰ ਦੇਣ ਬਦਲੇ ਕਿਸੇ ਵੀ ਤਰਾਂ ਦਾ ਮੁਆਵਜਾ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਜ਼ਮੀਨ ਹੀ ਉਹਨਾਂ ਦੀ ਰੋਜ਼ੀ-ਰੋਟੀ ਦਾ ਸਾਧਨ ਹੈ ,ਜ਼ਮੀਨ ਤੋਂ ਬੇ-ਦਖ਼ਲ ਕਰਨ ਦਾ ਮਤਲਬ ਉਹਨਾਂ ਦੀ ਹੋਂਦ ਖ਼ਤਮ ਕਰਨਾ ਹੈ। ਅੱਜ ਸਮੁੱਚੀ ਕਿਸਾਨੀ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾੳਣ ਲਈ ਲੜ ਰਹੀ ਹੈ। ਆਗੂਆਂ ਨੇ ਕਿਹਾ ਕਿ ਇਹ ਕਿਸਾਨ ਸੰਯੁਕਤ ਮੋਰਚੇ ਦੇ ਪਰਿਵਾਰ ਦਾ ਹਿੱਸਾ ਹਨ । ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਕਰਨ ਤੁਰੇ ਪਹਿਲੇ ਜੱਥਿਆਂ ਵਿੱਚ ਇਹਨਾਂ ਪਰਿਵਾਰਾਂ ਦੇ ਪੁੱਤ ਟਰੈਕਟਰ ਲੈ ਕੇ ਸ਼ਾਮਿਲ ਸਨ । ਅੱਜ ਵੀ ਇਹਨਾਂ ਪਰਿਵਾਰਾਂ ਦੇ ਮੈਂਥਰ ਸਿੰਘੂ ਬਾਰਡਰ ਉੱਤੇ ਡਟੇ ਹੋਏ ਹਨ ।
ਕਿਸਾਨ ਜੱਥੇਬੰਦੀਆਂ ਨੇ ਐਲਾਨ ਕੀਤਾ ਕਿ ਜੇਕਰ ਇੱਕ ਡੇਰੇ ਨੂੰ ਖ਼ੁਸ਼ ਕਰਨ ਲਈ ਸੂਬਾ ਸਰਕਾਰ ਕਿਸਾਨ ਉਜਾੜੇ ਦਾ ਫੈਸਲਾ ਵਾਪਸ ਨਹੀਂ ਲੈਂਦੀ ਤਾਂ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਜਦੋਂ ਇਕ ਪਾਸੇ ਇਕ ਵੱਡਾ ਰੋਡ ਮਹਿਤਪੁਰ ਨੂੰ ਸ਼ਾਹਕੋਟ ਮੋਗਾ ਰੋਡ ਨਾਲ ਜੋੜ ਰਿਹਾ, ਫਿਰ ਉੱਥੇ ਕਿਸਾਨਾਂ ਦਾ ਉਜਾੜਾਂ ਕਰਕੇ ਨਵਾਂ ਰੋਡ ਬਣਾਉਣ ਦਾ ਮਤਲਬ ਕਿ ਇਕ ਨਿੱਜੀ ਵਿਅਕਤੀ ਨੂੰ ਲਾਭ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ। ਸ਼ਾਸਨ ਤੇ ਪ੍ਰਸ਼ਾਸਨ ਦੇ ਕਿਸਾਨ ਉਜਾੜੂ ਫ਼ੈਸਲੇ ਦਾ ਡੱਟ ਕੇ ਵਿਰੋਧ ਹੋਵੇਗਾ।
ਇਸ ਮੌਕੇ ਬੀ.ਕੇ.ਯੂ.ਰਾਜੇਵਾਲ ਦੇ ਬੁਲਾਰੇ ਮਨਦੀਪ ਸਿੰਘ ਸਮਰਾ , ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਜ਼ਿਲ੍ਹਾ ਕਨਵੀਨਰ ਤਰਪ੍ਰੀਤ ਸਿੰਘ ਉੱਪਲ,ਬੂਟਾ ਸਿੰਘ ਸ਼ਾਦੀਪੁਰ, ਰਾਜੂ ਮੰਡ,ਰਤਨ ਸਿੰਘ,ਤਰਨਜੀਤ,ਜਗਤਾਰ ਸਿੰਘ,ਜਸਵਿੰਦਲ ਸਿੰਘ,ਗੁਰਸ਼ਰਨ ਸਿੰਘ,ਬੀਬੀ ਸੁਰਜੀਤ ਕੌਰ,ਮਨਜੀਤ ਕੌਰ ਅਤੇ ਅਨੀਤਾ ਸੰਧੂ ਹਾਜ਼ਰ ਸਨ।