ਫਗਵਾੜਾ 10 ਜੂਨ (ਸ਼ਿਵ ਕੋੜਾ) ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰਾਂ ਵਲੋਂ ਬੀਤੇ ਦਿਨ ਮੀਡੀਆ ‘ਚ ਦਿੱਤੇ ਇਕ ਬਿਆਨ ਦਾ ਜਵਾਬ ਦਿੰਦਿਆਂ ਅੱਜ ਸੀਨੀਅਰ ਭਾਜਪਾ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਕੁੱਝ ਖਾਸ ਚਮਚੇ ਹਨ ਜੋ ਸਾਬਕਾ ਕੌਂਸਲਰ ਹਨ ਅਤੇ ਉਹਨਾਂ ਨੇ ਝੂਠ ਬੋਲਣ ਦੀ ਡਿਗਰੀ ਪਾਸ ਕੀਤੀ ਹੋਈ ਹੈ। ਕਿਉਂਕਿ ਇਹਨਾਂ ਸਾਬਕਾ ਕੌਂਸਲਰਾਂ ਦਾ ਕਹਿਣਾ ਹੈ ਕਿ ਨਕੋਦਰ ਰੋਡ ਦੀ ਮੁੜ ਉਸਾਰੀ ਨੂੰ ਕੇਂਦਰ ਸਰਕਾਰ ਲਟਕਾ ਰਹੀ ਹੈ ਜਦਕਿ ਸੱਚਾਈ ਇਹ ਹੈ ਕਿ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਬਦੌਲਤ ਕੇਂਦਰ ਸਰਕਾਰ ਵਲੋਂ 15 ਕਰੋੜ ਰੁਪਏ ਦੀ ਗ੍ਰਾਂਟ ਪੰਜਾਬ ਸਰਕਾਰ ਦੇ ਪੀ.ਡਬਲਯੂ.ਡੀ. ਵਿਭਾਗ ਨੂੰ ਜਮਾ ਕਰਵਾਈ ਜਾ ਚੁੱਕੀ ਹੈ ਪਰ ਵਣ ਵਿਭਾਗ ਅਤੇ ਪੰਜਾਬ ਸਰਕਾਰ ਦੇ ਹੋਰ ਸਬੰਧਤ ਮਹਿਕਮਿਆਂ ਵਿਚਕਾਰ ਆਪਸੀ ਤਾਲਮੇਲ ਦੀ ਕਮੀ ਦੇ ਚਲਦਿਆਂ ਇਹ ਪ੍ਰੋਜੈਕਟ ਸ਼ੁਰੂ ਹੋਣ ਵਿਚ ਦੇਰ ਹੋ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਵਲੋਂ ਵਿਕਾਸ ਦਾ ਸਿਰਫ ਝੂਠਾ ਪ੍ਰਚਾਰ ਕੀਤਾ ਜਾ ਰਹੀ ਹੈ ਜਦਕਿ ਸ਼ਹਿਰ ਦੀਆਂ ਅੱਧੇ ਤੋਂ ਜਿਆਦਾ ਸੜਕਾਂ ਦੀ ਹਾਲਤ ਬੇਹਦ ਖਸਤਾ ਹੈ। ਅਨੇਕਾਂ ਵਾਰਡਾਂ ਵਿਚ ਵਿਕਾਸ ਦੇ ਕੰਮ ਬਿਲਕੁਲ ਠੱਪ ਪਏ ਹਨ। ਟੁੱਟੀਆਂ ਸੜਕਾਂ ਅਤੇ ਸੀਵਰੇਜ ਸਬੰਧੀ ਮੁਸ਼ਕਲਾਂ ਦੀਆਂ ਖਬਰਾਂ ਰੋਜਾਨਾ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਇਸ ਦੌਰਾਨ ਉਹਨਾਂ ਫਗਵਾੜਾ ਵਿਚ ਕੋਰੋਨਾ ਵੈਕਸੀਨ ਦੇ ਟੀਕਾਕਰਣ ਦਾ ਕੰਮ ਰੁਕਿਆ ਹੋਣ ਦਾ ਜਿਕਰ ਕਰਦਿਆਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਸਵਾਲ ਕੀਤਾ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਵੈਕਸੀਨ ਵੇਚ ਕੇ ਮੁਨਾਫਾ ਖੱਟਣ ਦੀ ਕੋਸ਼ਿਸ਼ ਦਾ ਪਰਦਾਫਾਸ਼ ਹੋਣ ਤੋਂ ਬਾਅਦ ਵਾਪਸ ਲਈ ਗਈ ਵੈਕਸੀਨ ਕਿੱਥੇ ਹੈ? ਜੇਕਰ ਪ੍ਰਾਈਵੇਟ ਹਸਪਤਾਲਾਂ ਤੋਂ ਵੈਕਸੀਨ ਵਾਪਸ ਲੈ ਲਈ ਗਈ ਹੈ ਤਾਂ ਉਹ ਆਮ ਲੋਕਾਂ ਨੂੰ ਲਗਾਈ ਕਿਉਂ ਨਹੀਂ ਜਾ ਰਹੀ।