ਫਗਵਾੜਾ 30 ਜੁਲਾਈ (ਸ਼ਿਵ ਕੋੜਾ) :ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਨਿਯੁਕਤ ਹੋਏ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਜਿਲ੍ਹਾ ਕਪੂਰਥਲਾ ਅਧੀਨ ਆਉਂਦੇ ਚਾਰੇ ਵਿਧਾਨਸਭਾ ਹਲਕਿਆਂ ਫਗਵਾੜਾ, ਕਪੂਰਥਲਾ, ਭੁਲੱਥ ਤੇ ਸੁਲਤਾਨਪੁਰ ਲੋਧੀ ਦੇ ਬਲਾਕ ਪ੍ਰਧਾਨਾਂ, ਸਕੱਤਰਾਂ, ਹੋਰ ਅਹੁਦੇਦਾਰਾਂ ਤੇ ਪਾਰਟੀ ਵਰਕਰਾਂ ਨਾਲ ਜਿਲ੍ਹਾ ਕਪੂਰਥਲਾ ਦੇ ਕੋਆਰਡੀਨੇਟਰ ਦਲਜੀਤ ਰਾਜੂ ਦੀ ਮੋਜੂਦਗੀ ਵਿਚ ਜਲੰਧਰ ਵਿਖੇ ਮੀਟਿੰਗ ਕੀਤੀ। ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਦੌਰਾਨ ਅਗਲੇ ਸਾਲ 2022 ਵਿਚ ਹੋਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈ ਕੇ ਜਿਲ੍ਹਾ ਕਪੂਰਥਲਾ ਦੀਆਂ ਚਾਰੇ ਸੀਟਾਂ ਨੂੰ ਜਿੱਤਣ ਲਈ ਅਪਨਾਈ ਜਾਣ ਵਾਲੀ ਰਣਨੀਤੀ ਸਬੰਧੀ ਵਿਚਾਰਾਂ ਹੋਈਆਂ। ਇਸ ਤੋਂ ਇਲਾਵਾ ਸੰਗਠਨ ਦੀ ਮਜਬੂਤੀ ਲਈ ਚੁੱਕੇ ਜਾਣ ਵਾਲੇ ਜਰੂਰੀ ਕਦਮਾ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਹੋਇਆ। ਉਹਨਾਂ ਦੱਸਿਆ ਕਿ ਜਿਲ੍ਹੇ ਦੇ ਕਾਂਗਰਸ ਵਰਕਰਾਂ ਅਤੇ ਅਹੁਦੇਦਾਰਾਂ ਨੇ ਪੇਸ਼ ਆ ਰਹੀਆਂ ਦਿੱਕਤਾਂ ਤੇ ਪਰੇਸ਼ਾਨੀਆਂ ਬਾਰੇ ਵੀ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਦੱਸਿਆ ਜਿਸ ਤੇ ਸਿੱਧੂ ਨੇ ਭਰੋਸਾ ਦਿੱਤਾ ਕਿ ਕਾਂਗਰਸ ਵਰਕਰਾਂ ਤੇ ਅਹੁਦੇਦਾਰਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਹੋਣ ਦਿੱਤੀ ਜਾਵੇਗੀ। ਜੋ ਵੀ ਸਮੱਸਿਆਵਾਂ ਹਨ ਉਹਨਾਂ ਦਾ ਜਲਦੀ ਹਲ ਕਰ ਦਿੱਤਾ ਜਾਵੇਗਾ। ਇਸ ਮੀਟਿੰਗ ਦੌਰਾਨ ਸੰਗਤ ਸਿੰਘ ਗਿਲਜੀਆਂ ਕਾਰਜਕਾਰੀ ਪ੍ਰਧਾਨ ਪੰਜਾਬ ਤੋਂ ਇਲਾਵਾ ਵਿਧਾਇਕ ਪਰਗਟ ਸਿੰਘ ਵੀ ਮੌਜੂਦ ਸਨ।