21ਦਸੰਬਰ ( ਜਲੰਧਰ) ਜਲੰਧਰ ਇਲਾਕੇ ਦੀ ਸੰਗਤ ਵਲੋਂ ਜਿੱਥੇ ਸਤਿਗੁਰੂ ਜਗਜੀਤ ਸਿੰਘ ਜੀ ਦੇ 100 ਵੇਂ ਅਵਤਾਰ ਦਿਵਸ ਨੂੰ ਸਮਰਪਿਤ ਨਾਮ ਸਿਮਰਨ ਅਤੇ ਕਥਾ-ਕੀਰਤਨ ਦਾ ਪ੍ਰਵਾਹ ਘਰੋ-ਘਰੀ ਚੱਲ ਰਿਹਾ ਹੈ। ਇਸ ਮੌਕੇ ਸੰਤ ਤਰਲੋਕ ਸਿੰਘ ਜੀ ਅਤੇ ਜਥੇਦਾਰ ਅਮਰੀਕ ਸਿੰਘ ਜੀ ਵਲੋਂ ਸਤਿਗੁਰੂ ਜਗਜੀਤ ਸਿੰਘ ਜੀ ਦੇ ਬਚਨਾਂ ਨੂੰ ਆਪਣੇ ਜੀਵਨ ਵਿਚ ਧਾਰਨ ਕਰਨ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ। ਸੰਗਤ ਲਈ ਅੱਜ 21 ਦਸੰਬਰ ਦਾ ਦਿਨ ਵੀ ਖਾਸ ਰਿਹਾ। ਪਲਵਿੰਦਰ ਸਿੰਘ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦਿਨ ਸਤਿਗੁਰੂ ਜਗਜੀਤ ਸਿੰਘ ਜੀ ਦੇ ਵਿਛੋੜੇ ਤੋਂ ਬਾਅਦ ਉਹਨਾਂ ਦੀ ਯਾਦ ਵਿਚ 21 ਦਸੰਬਰ 2012 ਨੂੰ ਸ੍ਰੀ ਜੀਵਨ ਨਗਰ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਅਤੇ ਇਸ ਵਿਚ ਹੋਏ ਇੱਕ ਵੱਡੇ ਖੁਲਾਸੇ ਦੀ ਵੀ ਯਾਦ ਦਿਵਾਉਂਦਾ ਹੈ। ਜਿਸ ਸਮਾਗਮ ਵਿਚ ਠਾਕੁਰ ਦਲੀਪ ਸਿੰਘ ਜੀ ਦੀ ਮਹਾਨ ਤਿਆਗ ਭਾਵਨਾ ਦਾ ਵੀ ਪਰਿਚੈ ਮਿਲਦਾ ਹੈ ਕਿ ਕਿਵੇਂ ਉਹਨਾਂ ਨੇ ਪੰਥ ਦੀ ਏਕਤਾ ਲਈ ਗੱਦੀ ਅਤੇ ਪੰਥਕ ਜਾਇਦਾਦਾਂ ਦਾ ਤਿਆਗ ਕਰ ਦਿੱਤਾ ਸੀ। ਭਾਵੇਂ ਸੰਗਤ ਨੂੰ ਪਤਾ ਹੀ ਸੀ ਕਿ ਨਾਮਧਾਰੀ ਪੰਥ ਦੇ ਅਗਲੇ ਗੱਦੀ ਦੇ ਵਾਰਸ ਕੌਣ ਹਨ, ਫਿਰ ਵੀ ਜਦੋਂ ਸਤਿਗੁਰੂ ਜੀ ਦਾ ਹੁਕਮ ਸਪਸ਼ਟ ਹੋ ਗਿਆ ਕਿ ਮੇਰੀ ਗੱਦੀ ਦੀ ਅਮਾਨਤ ਵੱਡੇ ਕਾਕੇ, ਭਾਵ ਠਾਕੁਰ ਦਲੀਪ ਸਿੰਘ ਨੂੰ ਦੇਣੀ ਤਾਂ ਬਹੁਤ ਸਾਰੀ ਸੰਗਤ ਠਾਕੁਰ ਦਲੀਪ ਸਿੰਘ ਜੀ ਦੇ ਚਰਨਾਂ ਨਾਲ ਜੁੜ ਗਈ ਅਤੇ ਹੁਣ ਤੱਕ ਵੀ ਉਹਨਾਂ ਦੀ ਸ਼ਰਧਾ ਭਾਵਨਾ ਬਣੀ ਹੈ। ਇਸ ਲਈ ਅੱਜ ਸੰਗਤ ਜਿੱਥੇ ਸਤਿਗੁਰੂ ਜਗਜੀਤ ਸਿੰਘ ਜੀ ਵਲੋਂ ਕੀਤੇ ਉਪਕਾਰਾਂ ਨੂੰ ਯਾਦ ਕਰ ਰਹੀ ਸੀ, ਉੱਥੇ ਠਾਕੁਰ ਦਲੀਪ ਸਿੰਘ ਜੀ ਦਾ ਵੀ ਸ਼ੁਕਰਾਨਾ ਕਰ ਰਹੀ ਸੀ ਕਿ ਜੇਕਰ ਉਹ ਸੰਗਤ ਦੀ ਬਾਂਹ ਨਾ ਫੜਦੇ ਤਾਂ ਉਹਨਾਂ ਦਾ ਮਾਰਗਦਰਸ਼ਨ ਕੌਣ ਕਰਦਾ। ਇਹਨਾਂ ਸਾਰੀਆਂ ਯਾਦਾਂ ਨੂੰ ਸਮਰਪਿਤ ਪ੍ਰੀਤ ਨਗਰ, ਉੱਤਮ ਸਿੰਘ ਦੇ ਗ੍ਰਹਿ ਵਿਖੇ ਨਾਮ-ਸਿਮਰਨ ਅਤੇ ਕਥਾ ਕੀਰਤਨ ਆਦਿ ਕੀਤਾ ਗਿਆ। ਇਹ ਪ੍ਰੋਗਰਾਮ ਦੋ ਵਜੇ ਤੋਂ ਚਾਰ ਵਜੇ ਤੱਕ ਚਲਦਾ ਰਿਹਾ।ਇਹ ਲੜੀ ਪਿਛਲੇ ਹਫ਼ਤੇ ਜਲੰਧਰ ਸਕੂਲ ਦੇ ਹਾਲ ਤੋਂ ਸ਼ੁਰੂ ਹੋਈ ਅਤੇ ਹੁਣ ਹਰ ਹਫ਼ਤੇ ਲਗਾਤਾਰ ਚੱਲ ਰਿਹਾ। ਇਸ ਮੌਕੇ ਵਿਸ਼ਵ ਨੌਜਵਾਨ ਵਿੱਦਿਅਕ ਜਥੇ ਦੇ ਪ੍ਰਧਾਨ ਪਲਵਿੰਦਰ ਸਿੰਘ, ਤਰਲੋਕ ਸਿੰਘ, ਉੱਤਮ ਸਿੰਘ, ਰਤਨ ਸਿੰਘ, ਪਿਆਰਾ ਸਿੰਘ, ਸੁਰਜੀਤ ਕੌਰ, ਰਾਜਪਾਲ ਕੌਰ ਅਤੇ ਨਾਮਧਾਰੀ ਸੰਗਤਾਂ ਹਾਜਰ ਸਨ।