ਜਲੰਧਰ 09 ਮਾਰਚ 2021
ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਨਿੱਜੀ ਹਸਪਤਾਲਾਂ ਵਿੱਚ ਕੋਵਿਡ ਦੇ ਇਲਾਜ ’ਤੇ ਮੁਨਾਫ਼ਾਖੋਰੀ ਨੂੰ ਰੋਕਣ ਲਈ ਕੋਵਿਡ-19 ਦੇ ਇਲਾਜ ਲਈ ਰੇਟ ਨਿਰਧਾਰਿਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਜਾਰੀ ਹੁਕਮਾਂ ਅਨੁਸਾਰ ਸਾਰੇ ਨਿੱਜੀ ਹਸਪਤਾਲ, ਨਰਸਿੰਗ ਹੋਮ, ਡਾਇਗਨੌਸਟਿਕ ਲੈਬ ਅ ਾਦਿ ਕੋਵਿਡ-19 ਦੇ ਇਲਾਜ ਲਈ ਸਰਕਾਰ ਵਲੋਂ ਨਿਰਧਾਰਿਤ ਕੀਤੇ ਗਏ ਰੇਟਾਂ ਤੋਂ ਜ਼ਿਆਦਾ ਵਸੂਲ ਨਹੀਂ ਕਰ ਸਕਦੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮੌਜੂਦ ਸਾਰੀਆਂ ਨਿੱਜੀ ਲੈਬਾਰਟਰੀਆਂ ਵਲੋਂ ਆਰ.ਟੀ.-ਪੀ.ਸੀ.ਆਰ.ਟੈਸਟ ਲਈ 900 ਰੁਪਏ (ਸਮੇਤ ਜੀ.ਐਸ.ਟੀ.) ਅਤੇ ਸੀ.ਟੀ. ਸਕੈਨਸ/ਐਚ.ਆਰ.ਸੀ.ਟੀ. ਚੈਸਟ ਲਈ 2000 ਰੁਪਏ ਨਿਸ਼ਚਿਤ ਕੀਤੇ ਗਏ ਹਨ। ਉਨ੍ਹਾਂ ਸਾਰੀਆਂ ਲੈਬਾਰਟਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਕਿਸੇ ਵੀ ਵਿਅਕਤੀ ਨੂੰ ਸੀ.ਟੀ. ਸਕੈਨ ਰਿਪੋਰਟ ਦੇ ਅਧਾਰ ’ਤੇ ਕੋਵਿਡ-19 ਪਾਜ਼ੀਟਿਵ ਜਾਂ ਨੈਗੇਟਿਵ ਨਾ ਐਲਾਨਿਆਂ ਜਾਵੇ ਜਦੋਂ ਤੱਕ ਉਹ ਆਰ.ਟੀ.-ਪੀ.ਸੀ.ਆਰ. ਟੈਸਟ ਦੀ ਪ੍ਰਕਿਰਿਆ ਪੂਰੀ ਨਹੀਂ ਕਰ ਲੈਂਦਾ। ਸ੍ਰੀ ਥੋਰੀ ਨੇ ਸਾਰੇ ਪ੍ਰਾਈਵੇਟ ਹਸਪਤਾਲਾਂ ਅਤੇ ਲੈਬਾਰਟੀਆਂ ਨੂੰ ਕਿਹਾ ਕਿ ਕੋਵਿਡ-19 ਦੇ ਇਲਾਜ ਅਤੇ ਟੈਸਟ ਸਬੰਧੀ ਡਾਟਾ ਸਿਵਲ ਸਰਜਨ ਦਫ਼ਤਰ ਨਾਲ ਨਿਯਮਤ ਤੌਰ ’ਤੇ ਸਾਂਝਾ ਕੀਤਾ ਜਾਵੇ। ਉਨ੍ਹਾਂ ਸਿਵਲ ਸਰਜਨ ਨੁੂੰ ਵੀ ਕਿਹਾ ਕਿ ਸਰਕਾਰੀ ਆਦੇਸ਼ਾਂ ਦੀ ਸਹੀ ਅਰਥਾਂ ਵਿੱਚ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।
ਸ੍ਰੀ ਥੋਰੀ ਨੇ ਕਿਹਾ ਕਿ ਆਈਸੋਲੇਸ਼ਨ ਬੈਡਾਂ ਜਿਨਾਂ ਵਿੱਚ ਸਪੋਟਿਵ ਕੇਅਰ ਅਤੇ ਆਕਸੀਜਨ ਸ਼ਾਮਿਲ ਹੈ ਸਾਰੇ ਪ੍ਰਾਈਵੇਟ ਮੈਡੀਕਲ ਕਾਲਜਾਂ/ ਪ੍ਰਾਈਵੇਟ ਸੰਸਥਾਵਾਂ ਸਮੇਤ ਅਧਿਆਪਣ ਪ੍ਰੋਗਰਾਮ ਦਾਖਲ ਰਹਿ ਕੇ ਇਲਾਜ ਕਰਵਾਉਣ ਲਈ 10,000 ਰੁਪਏ ਪ੍ਰਤੀ ਦਿਨ ਰੇਟ ਨਿਸ਼ਚਿਤ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਐਨ.ਏ.ਬੀ.ਐਚ ਐਕਰੀਡੇਟਿਡ ਹਸਪਤਾਲ (ਜਿਸ ਵਿੱਚ ਮੈਡੀਕਲ ਕਾਲਜ ਬਿਨਾਂ ਪੀ.ਜੀ/ਡੀ.ਐਨ.ਬੀ. ਕੋਰਸ) ਸ਼ਾਮਿਲ ਹਨ ਲਈ 9000 ਰੁਪਏ ਅਤੇ ਨਾਨ-ਐਨ.ਏ.ਬੀ.ਐਚ. ਐਕਰੀਡੇਟਿਡ ਹਸਪਤਾਲਾਂ ਲਈ 8000 ਰੁਪਏ ਰੇਟ ਨਿਸ਼ਚਿਤ ਕੀਤਾ ਗਿਆ ਹੈ।ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਗੰਭੀਰ ਬਿਮਾਰੀ (ਬਿਨਾਂ ਆਈ.ਸੀ.ਯੂ ਅਤੇ ਵੈਂਟੀਲੇਟਰ) ਲਈ ਸਰਕਾਰ ਵਲੋਂ ਕ੍ਰਮਵਾਰ 15,000, 14000 ਅਤੇ 13000 ਰੁਪਏ ਨਿਸ਼ਚਿਤ ਕੀਤਾ ਗਿਆ ਹੈ ਜਦਕਿ ਬਹੁਤ ਗੰਭੀਰ ਮਰੀਜਾਂ ਲਈ ਕ੍ਰਮਵਾਰ ਪ੍ਰਤੀ ਦਿਨ ਲਈ 18,000, 16500 ਅਤੇ 15000 ਰੁਪਏ ਰੇਟ ਨਿਰਧਾਰਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਆਦੇਸ਼ਾਂ ਅਨੁਸਾਰ ਇਨਾਂ ਰੇਟਾਂ ਵਿੱਚ ਪੀਪੀਈ ਦੀ ਕੀਮਤ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਨਿੱਜੀ ਹਸਪਤਾਲਾਂ ਨੂੰ ਉਤਸ਼ਾਹਿਤ ਕਰਨ ਲਈ ਹਲਕੇ ਬਿਮਾਰ ਕੇਸਾਂ ਵਿੱਚ ਵੀ ਸੂਬਾ ਸਰਕਾਰ ਵਲੋਂ ਪ੍ਰਤੀ ਦਿਨ ਇਲਾਜ ਦੇ ਰੇਟ ਕ੍ਰਮਵਾਰ 6500, 5500 ਅਤੇ 4500 ਨਿਰਧਾਰਿਤ ਕੀਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮਰੀਜ਼ ਲਈ ਸਪੈਸ਼ਲ ਆਈਸੋਲੇਸ਼ਨ ਰੂਮ ਲਈ ਵੱਧ ਤੋਂ ਵੱਧ ਪ੍ਰਤੀ ਦਿਨ 4000 ਰੁਪਏ ਵਸੂਲ ਕੀਤੇ ਜਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਸਥਿਤ ਸਾਰੀਆਂ ਨਿੱਜੀ ਸਿਹਤ ਸੰਸਥਾਵਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਦੀਆਂ ਇਨਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਵੱਧ ਪੈਸੇ ਵਸੂਲਣ ਦੀ ਕਿਸੇ ਵੀ ਸ਼ਿਕਾਇਤ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਸਿਵਲ ਸਰਜਨ ਡਾ.ਬਲਵੰਤ ਸਿੰਘ ਨੂੰ ਕਿਹਾ ਕਿ ਨਿੱਜੀ ਹਸਪਤਾਲਾਂ ਅਤੇ ਲੈਬਾਰਟੀਆਂ ਦੀ ਅਚਨਚੇਤ ਜਾਂਚ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਸੂਬਾ ਸਰਕਾਰ ਵਲੋਂ ਕੋਵਿਡ-19 ਦੇ ਇਲਾਜ ਲਈ ਨਿਰਧਾਰਿਤ ਰੇਟ ਹੀ ਵਸੂਲ ਕੀਤੇ ਜਾ ਰਹੇ ਹਨ ਅਤੇ ਜੇਕਰ ਪੈਸੇ ਵੱਧ ਵਸੂਲਣ ਸਬੰਧੀ ਕੋਈ ਕੇਸ ਸਾਹਮਣੇ ਆਉਂਦਾ ਹੈ ਤਾਂ ਉਸ ਦੀ ਰਿਪੋਰਟ ਕੀਤੀ ਜਾਵੇ।