ਜਲੰਧਰ 10 ਸਤੰਬਰ 2020

ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਣ ਨੂੰ ਠੱਲ੍ਹ ਪਾਉਣ ਅਤੇ ਕਿਸਾਨਾਂ ਨੂੰ ਸਬਸਿਡੀ ’ਤੇ ਅਤਿ ਆਧੁਨਿਕ ਮਸ਼ੀਨਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਸਾਲ ਇਨ-ਸਿਟੂ ਪ੍ਰਬੰਧਨ ਤਹਿਤ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਸੁਚੱਜੇ ਨਿਪਟਾਰੇ ਲਈ ਅਤਿ ਆਧੁਨਿਕ ਖੇਤੀ ਮਸ਼ੀਨਾਂ ’ਤੇ 10 ਕਰੋੜ ਰੁਪਏ ਤੋਂ ਜ਼ਿਆਦਾ ਦੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਪਰਾਲੀ ਨੂੰ ਅੱਗ ਲਗਾਉਣ ਤੋਂ ਛੁਟਕਾਰਾ ਪਾਉਣ ਅਤੇ ਸੁਚੱਜੀ ਸੰਭਾਲ ਲਈ ਵਿਭਾਗ ਨੂੰ ਇਸ ਸਾਲ ਕਿਸਾਨਾਂ ਵਲੋਂ ਅਤਿ ਆਧੁਨਿਕ ਮਸ਼ੀਨਾਂ ਸਬਸਿਡੀ ’ਤੇ ਲੈਣ ਲਈ 888 ਅਤੇ ਕਿਸਾਨ ਗਰੁੱਪਾਂ ਵਲੋਂ 909 ਬਿਨੈਪੱਤਰ ਪ੍ਰਾਪਤ ਹੋਏ ਹਨ। ਜਦਕਿ ਪਿਛਲੇ ਸਾਲ ਕਿਸਾਨਾਂ ਵਲੋਂ 287 ਅਤੇ ਕਿਸਾਨ ਗਰੁੱਪਾਂ ਵਲੋਂ 232 ਬਿਨੈਪੱਤਰ ਪ੍ਰਾਪਤ ਹੋਏ ਸਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ  ਘਨਸ਼ਿਆਮ ਥੋਰੀ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਡਰਾਅ ਰਾਹੀਂ ਕਿਸਾਨਾਂ ਦੇ 444 ਅਤੇ ਕਿਸਾਨ ਗਰੁੱਪਾਂ/ਸਹਿਕਾਰੀ ਸਭਾਵਾਂ ਦੇ 460 ਬਿਨੈਪੱਤਰਾਂ ਦੀ ਚੋਣ ਕੀਤੀ ਗਈ ਹੈ। ਥੋਰੀ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਅਤਿ ਆਧੁਨਿਕ ਖੇਤੀ ਮਸ਼ੀਨਾਂ ’ਤੇ ਕਿਸਾਨਾਂ ਨੂੰ ਸਬਸਿਡੀ ਦੇਣ ਦੀ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਇਨ੍ਹਾਂ ਦੀ ਵਰਤੋਂ ਕਰਕੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਸੁਚੱਜਾ ਪ੍ਰਬੰਧ ਕਰਕੇ ਸਾਰੇ ਕਿਸਾਨ ਪੰਜਾਬ ਸਰਕਾਰ ਵਲੋਂ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਣ ਤੋਂ ਛੁਟਕਾਰਾ ਪਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਵਿੱਚ ਸ਼ਮੂਲੀਅਤ ਕਰ ਸਕਣ, ਜੋ ਕਿ ਸਾਡੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਹੀ ਹੈ।ਉਨ੍ਹਾਂ ਦੱਆ ਕਿ ਇਸ ਸਕੀਮ ਤਹਿਤ ਵਿਅਕਤੀਗਤ ਤੌਰ ’ਤੇ ਕਿਸਾਨ ਹੈਪੀ ਸੀਡਰਜ, ਪੈਡੀ ਸਟਰਾਅ ਚੋਪਰ, ਮਲਚਰ, ਹਾਈਡ੍ਰੋਲਿਕ ਰੀਵਰਸੀਬਲ ਐਮ.ਬੀ. ਪਲਾਂਟ, ਜੀਰੋ ਟਿੱਲ ਡਰਿੱਲ, ਸੁਪਰ ਐਸ.ਐਮ.ਐਸ.ਰੋਟਰੀ, ਸਲੈਸ਼ਰ/ਸਰੱਬ ਕੱਟਰ ’ਤੇ 50 ਪ੍ਰਤੀਸ਼ਤ ਸਬਸਿਡੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਰਜਿਸਟਰਡ ਕਿਸਾਨ ਗਰੁੱਪਾਂ ਜਾਂ ਸਹਿਕਾਰੀ ਸੁਸਾਇਟੀਆਂ ਵਲੋਂ ਅਤਿ ਆਧੁਨਿਕ ਖੇਤੀ ਮਸ਼ੀਨਾਂ ਦੀ ਖ਼ਰੀਦ ’ਤੇ 80 ਪ੍ਰਤੀਸ਼ਤ ਤੱਕ ਸਬਸਿਡੀ ਦੇਣ ਦੀ ਤਜ਼ਵੀਜ ਹੈ ਤਾਂ ਜੋ ਕਿਸਾਨ ਅਪਣੀ ਲੋੜ ਅਨੁਸਾਰ ਕਸਟਮ ਹਾਇਰ ਸੈਂਟਰ ਤੋਂ ਮਸ਼ੀਨਾਂ ਕਿਰਾਏ ’ਤੇ ਲੈ ਕੇ ਵਰਤ ਸਕਣ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਤਿ ਆਧੁਨਿਕ ਖੇਤੀ ਮਸ਼ੀਨਾਂ ਮੁਹੱਈਆ ਕਰਵਾਉਣ ਦਾ ਮੁੱਖ ਮੰਤਵ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤਾਂ ਵਿੱਚ ਰਲਾ ਕੇ ਭੂਮੀ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਲਿਆਉਣ ਦੇ ਨਾਲ-ਨਾਲ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣਾ ਹੈ।ਮੁੱਖ ਖੇਤੀਬਾੜੀ ਅਫ਼ਸਰ ਡਾ.ਸੁਰਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਕਈ ਪੌਸ਼ਟਿਕ ਅਤੇ ਸੂਖਮ ਤੱਤ ਸੜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਕਈ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ, ਜੋ ਕਿ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹਨ।ਮੁੱਖ ਖੇਤੀਬਾੜੀ ਅਫ਼ਸਰ ਨੇ ਅੱਗੇ ਦੱਸਿਆ ਕਿ ਵਿਭਾਗ ਵਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਅਤੇ ਮਨੁੱਖੀ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾਉਣ ਲਈ ਜਾਗਰੂਕਤਾ ਮੁਹਿੰਮ ਪਹਿਲਾਂ ਹੀ ਚਲਾਈ ਜਾ ਰਹੀ ਹੈ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਦੇ ਅਸਰਦਾਰ ਅਤੇ ਸੁਚੱਜੇ ਪ੍ਰਬੰਧ ਲਈ ਅਤਿ ਆਧੁਨਿਕ ਤਕਨੀਕ ਨੂੰ ਅਪਣਾਉਣ ਲਈ ਅੱਗੇ ਆਉਣ।ਸਹਾਇਕ ਕਮਿਸ਼ਨਰ  ਹਰਪ੍ਰੀਤ ਸਿੰਘ, ਡੀ.ਆਈ.ਓ. ਅਮੋਲਕ ਸਿੰਘ ਕਲਸੀ, ਡਿਪਟੀ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ ਡਾ.ਕੁਲਦੀਪ ਸਿੰਘ, ਸਾਇੰਸਟਿਸਟ ਡਾ.ਮਹਿੰਦਰ ਸਿੰਘ, ਡੀ.ਐਮ. ਨਬਾਰਡ ਸਵਿਤਾ ਸਿੰਘ, ਇੰਜੀ. ਨਵਦੀਪ ਸਿੰਘ ਅਤੇ ਹੋਰਨਾਂ ਦੀ ਦੇਖਰੇਖ ਵਿੱਚ ਡਰਾਅ ਕਰਵਾਇਆ ਗਿਆ।