ਫਗਵਾੜਾ 9 ਅਗਸਤ (ਸ਼ਿਵ ਕੋੜਾ) ਸ਼ਹਿਰ ਦੇ ਵਾਰਡ ਨੰਬਰ 7 ਅਧੀਨ ਮੁਹੱਲਾ ਪਲਾਹੀ ਗੇਟ ਸਥਿਤ ਡਾ. ਬੀ. ਆਰ. ਅੰਬੇਡਕਰ ਪਾਰਕ ‘ਚ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਪੁਰਾਤਨ ਤੀਆਂ ਦਾ ਤਿਓਹਾਰ ਰਜਨੀ ਬਸਰਾ ਦੀ ਦੇਖਰੇਖ ਹੇਠ ਬੜੇ ਚਾਵਾਂ ਨਾਲ ਮਨਾਇਆ ਗਿਆ। ਸਮਾਗਮ ਵਿਚ ਉੱਘੀ ਸਮਾਜ ਸੇਵਿਕਾ ਪਿੰਕੀ ਭਾਟੀਆ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਰਿਬਨ ਕੱਟ ਕੇ ਸਮਾਗਮ ਦਾ ਸ਼ੁੱਭ ਅਰੰਭ ਕਰਵਾਇਆ। ਉਹਨਾਂ ਦੇ ਨਾਲ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਸਪੁੱਤਰ ਕਮਲ ਧਾਲੀਵਾਲ ਤੇ ਸੀਨੀਅਰ ਕਾਂਗਰਸੀ ਆਗੂ ਮੁਕੇਸ਼ ਭਾਟੀਆ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪਿੰਕੀ ਭਾਟੀਆ ਅਤੇ ਕਮਲ ਧਾਲੀਵਾਲ ਨੇ ਸਮੂਹ ਹਾਜਰੀਨ ਨੂੰ ਤੀਆਂ ਦੇ ਤਿਓਹਾਰ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਅਜਿਹੇ ਸਮਾਗਮ ਅਜੋਕੀ ਨੌਜਵਾਨ ਪੀੜ੍ਹੀ ਨੂੰ ਅਮੀਰ ਪੰਜਾਬੀ ਵਿਰਸੇ ਨਾਲ ਜੋੜਨ ਦਾ ਕੰਮ ਕਰਦੇ ਹਨ। ਔਰਤਾਂ ਅਤੇ ਮੁਟਿਆਰਾਂ ਤੋਂ ਇਲਾਵਾ ਬੱਚੀਆਂ ਵਿਚ ਵੀ ਇਸ ਸਮਾਗਮ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਸੀ। ਲੜਕੀਆਂ ਵਲੋਂ ਬੋਲੀਆਂ, ਗਿੱਦਾ, ਗੀਤ, ਕਿਕਲੀ ਰਾਹੀਂ ਖੂਬ ਰੰਗ ਬੰਨਿ੍ਹਆ ਗਿਆ। ਮੁਟਿਆਰਾਂ ਨੇ ਚਾਵਾਂ ਨਾਲ ਪੀਂਘਾਂ ਝੂਟ ਕੇ ਮਨ ਦੇ ਜਜਬੇ ਇਕ ਦੂਸਰੇ ਨਾਲ ਸਾਂਝੇ ਕੀਤੇ। ਮੁਕੇਸ਼ ਭਾਟੀਆ ਨੇ ਤੀਆਂ ਦੇ ਤਿਓਹਾਰ ਨਾਲ ਜੁੜੇ ਇਤਿਹਾਸ ਨਾਲ ਜਾਣੂ ਕਰਵਾਇਆ। ਇਸ ਤਰ੍ਹਾਂ ਤੀਆਂ ਦਾ ਤਿਓਹਾਰ ਆਪਣੀਆਂ ਅਮਿਟ ਯਾਦਾਂ ਛਡਦਾ ਹੋਇਆ ਸਮਾਪਤ ਹੋ ਗਿਆ। ਇਸ ਮੌਕੇ ਗੁਰਜੀਤ ਪਾਲ ਵਾਲੀਆ, ਸਾਬਕਾ ਕੌਂਸਲਰ ਜਤਿੰਦਰ ਵਰਮਾਨੀ, ਧੀਰਜ ਘਈ, ਸੋਨੂੰ ਵਾਲੀਆ, ਸ੍ਰੀਮਤੀ ਪਰਮਜੀਤ ਵਾਲੀਆ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਭਰ ਦੀਆਂ ਬਜੁਰਗ ਤੇ ਨਵੀਂਆਂ ਵਿਆਹੀਆਂ ਔਰਤਾਂ ਤੇ ਛੋਟੀਆਂ ਬੱਚੀਆਂ ਵੀ ਹਾਜਰ ਸਨ।