ਫਗਵਾੜਾ 21 ਜੁਲਾਈ (ਸ਼ਿਵ ਕੋੜਾ) ਸ਼ਹਿਰ ਦੇ ਸਾਬਕਾ ਮੇਅਰ ਅਤੇ ਸੀਨੀਅਰ ਭਾਜਪਾ ਆਗੂ ਅਰੁਣ ਖੋਸਲਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸੀ ਆਗੂ ਤੇ ਸਰਕਾਰ ਦੇ ਨੁਮਾਇੰਦੇ ਢਿੰਡੋਰਾ ਪਿੱਟ ਰਹੇ ਹਨ ਕਿ ਜੋ ਵਾਅਦੇ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀਆਂ ਵਿਧਾਨਸਭਾ ਚੋਣਾਂ ਸਮੇਂ ਕੀਤੇ ਸਨ ਉਹਨਾਂ ਵਿਚ 90 ਫੀਸਦੀ ਵਾਅਦੇ ਪੂਰੇ ਕਰ ਦਿੱਤੇ ਹਨ ਜਦਕਿ ਸੱਚਾਈ ਕਿ ਇਹ ਹੈ ਕਿ ਕੈਪਟਨ ਸਰਕਾਰ ਵਲੋਂ ਕੀਤੇ ਗਏ 90 ਫੀਸਦੀ ਵਾਅਦੇ ਅੱਜ ਵੀ ਅਧੂਰੇ ਹਨ। ਕੈਪਟਨ ਸਰਕਾਰ ਦਾ ਆਖਰੀ ਸਾਲ ਹੋਣ ਦੇ ਚਲਦਿਆਂ ਲੋਕਾਂ ਨੂੰ ਹੁਣ ਝੂਠੇ ਦਾਅਵਿਆਂ ਨਾਲ ਵਰਗਲਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਆਉਂਦੇ ਦਿਨਾਂ ਵਿਚ ਹੋਰ ਵੀ ਸਬਜਬਾਗ ਦਿਖਾਏ ਜਾਣਗੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਤਰਜ ਤੇ ਕੈਪਟਨ ਸਰਕਾਰ ਵੀ ਫਰੀ ਬਿਜਲੀ ਤੇ ਪਾਣੀ ਦੇਣ ਦੇ ਵਾਅਦੇ ਕਰੇਗੀ ਪਰ ਪਿਛਲੀ ਵਾਰ ਦੀ ਤਰ੍ਹਾਂ ਜੇਕਰ ਲੋਕ ਇਹਨਾਂ ਦੀਆਂ ਗੱਲਾਂ ਵਿਚ ਆ ਗਏ ਤਾਂ ਸੱਤਾ ਵਿਚ ਆਉਂਦੇ ਹੀ ਸਾਰੇ ਵਾਅਦੇ ਹਵਾ ਹਵਾਈ ਹੋ ਜਾਣਗੇ। ਕੈਪਟਨ ਨੇ ਪਿਛਲੀਆਂ ਚੋਣਾਂ ‘ਚ ਗੁਟਕਾ ਸਾਹਿਬ ਹੱਥ ‘ਚ ਫੜ ਕੇ ਬਹੁਤ ਵਾਅਦੇ ਕੀਤੇ ਜਿਹਨਾਂ ‘ਚ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜਾ ਦੁਆਉਣਾ, ਡਰੱਗ ਮਾਫੀਆ, ਰੇਤ ਮਾਫੀਆ, ਸ਼ਰਾਬ ਮਾਫੀਆ ਨੂੰ ਜੜੋਂ ਮੁਕਾਉਣਾ, ਭ੍ਰਿਸ਼ਟਾਚਾਰ ਖਤਮ ਕਰਨਾ, ਗੁੰਡਾਗਰਦੀ ਨੂੰ ਨੱਥ ਪਾਉਣਾ, ਘਰ-ਘਰ ਰੁਜਗਾਰ, ਨੌਜਵਾਨਾਂ ਨੂੰ ਮੋਬਾਇਲ ਫੋਨ ਤੇ ਲੈਪਟਾਪ ਦੇਣਾ, ਬੇਰੁਜਗਾਰੀ ਭੱਤਾ ਵਧਾ ਕੇ 2500 ਰੁਪਏ ਮਹੀਨਾ ਕਰਨਾ ਆਦਿ ਸ਼ਾਮਲ ਸਨ ਪਰ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਅੱਜ ਪੰਜਾਬ ਦਾ ਮੁਲਾਜਮ ਵਰਗ ਤਨਖਾਹਾਂ ਨੂੰ ਤਰਸ ਰਿਹਾ ਹੈ। ਮੁਲਾਜਮਾਂ ਨਾਲ ਕੀਤੇ ਵਾਅਦੇ ਵੀ ਪੂਰੇ ਨਹੀਂ ਹੋਏ ਜਿਸ ਕਰਕੇ ਹਰ ਵਿਭਾਗ ਦੇ ਕਰਮਚਾਰੀ ਹੜਤਾਲ ਤੇ ਬੈਠੇ ਹਨ। ਆਪਣੇ ਹੱਕਾਂ ਲਈ ਲੜ ਰਹੇ ਅਧਿਆਪਕਾਂ ਉਪਰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਚ ਹੀ ਡੰਡੇ ਵਰ੍ਹਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਮੋਜੂਦਾ ਕਾਂਗਰਸ ਸਰਕਾਰ ਹੁਣ ਤਕ ਦੀ ਸਭ ਤੋਂ ਨਿਕੱਮੀ ਸਰਕਾਰ ਸਾਬਿਤ ਹੋਈ ਹੈ। ਅਗਲੀਆਂ ਵਿਧਾਨਸਭਾ ਚੋਣਾਂ ‘ਚ ਸੂਬੇ ਦੇ ਲੋਕ ਕੈਪਟਨ ਸਰਕਾਰ ਦੇ ਕਿਸੇ ਲਾਲਚ ਵਿਚ ਨਹੀਂ ਫਸਣਗੇ