
ਫਗਵਾੜਾ (ਸ਼ਿਵ ਕੋੜਾ) ਸਥਾਨਕ ਬੀ. ਡੀ. ਪੀ. ਓ ਦਫਤਰ ਸਥਿਤ ਬਲਾਕ ਸੰਮਤੀ ਦਫਤਰ ਫਗਵਾੜਾ ਵਿਖੇ 39 ਪੰਚਾਇਤਾਂ ਨੂੰ ਸਮਾਰਟ ਵਿਲੇਜ ਕੰਪੇਨ ਅਧੀਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਵਿਕਾਸ ਕਾਰਜਾਂ ਲਈ ਭੇਜੇ ਗਏ ਪ੍ਰਵਾਨਗੀ ਪੱਤਰ ਅਤੇ ਲੋੜੀਂਦੀ ਗ੍ਰਾਂਟ ਦੇ ਚੈੱਕ ਵੰਡਣ ਸਬੰਧੀ ਸਮਾਗਮ ਦਾ ਆਯੋਜਨ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁਲਾਰਾਈ ਦੀ ਅਗਵਾਈ ਹੇਠ ਕੀਤਾ ਗਿਆ । ਜਿਸ ਵਿੱਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਅਤੇ ਉਹਨਾਂ ਦੇ ਨਾਲ ਬੀ ਡੀ. ਪੀ. ਓ. ਸੁਖਦੇਵ ਸਿੰਘ , ਜਿਲਾ ਪ੍ਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ, ਵਾਈਸ ਚੇਅਰਮੈਨ ਰੇਸ਼ਮ ਕੌਰ ਅਤੇ ਬਲਾਕ ਸੰਮਤੀ ਮੈਂਬਰ ਮੀਨਾ ਰਾਣੀ ਭਬਿਆਣਾ ਵੀ ਮੌਜੂਦ ਸਨ । ਇਸ ਤੋਂ ਇਲਾਵਾ ਵੱਖ – ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ – ਸਰਪੰਚਾਂ ਨੇ ਵੀ ਹਿੱਸਾ ਲਿਆ । ਇਸ ਮੌਕੇ ਪੰਚਾਂ – ਸਰਪੰਚਾਂ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਕਿਹਾ ਕਿ ਕੋਰੋਨਾ ਆਫਤ ਦੌਰਾਨ ਵੀ ਪੰਚਾਇਤਾਂ ਨੇ ਵਿਕਾਸ ਕਾਰਜਾਂ ਨੂੰ ਜਾਰੀ ਰੱਖਿਆ ਹੈ, ਜਿਸ ਦੇ ਲਈ ਸਮੁੱਚੀਆਂ ਪੰਚਾਇਤਾਂ ਵਧਾਈ ਦੀਆਂ ਪਾਤਰ ਹਨ । ਉਹਨਾਂ ਨੇ ਸਮੂਹ ਪੰਚਾਇਤਾਂ ਨੂੰ ਵਿਸ਼ਵਾਸ ਦਿਵਾਇਆ ਕਿ ਹਰੇਕ ਪਿੰਡ ਵਿੱਚ ਲੋੜੀਂਦਾ ਵਿਕਾਸ ਪਹਿਲ ਦੇ ਆਧਾਰ ‘ਤੇ ਕਰਵਾਇਆ ਜਾਵੇਗਾ । ਉਹਨਾਂ ਕਿਹਾ ਕਿ ਲੋਕਾਂ ਨਾਲ਼ ਵਿਕਾਸ ਕਾਰਜਾਂ ਸਬੰਧੀ ਕੀਤੇ ਵਾਅਦਿਆਂ ਨੂੰ ਸਮਾਂ ਰਹਿੰਦੇ ਪੂਰਾ ਕੀਤਾ ਜਾਵੇਗਾ ਅਤੇ ਗ੍ਰਾਂਟਾਂ ਦੇਣ ਸਮੇਂ ਕਿਸੇ ਨਾਲ ਕੋਈ ਵੀ ਪੱਖਪਾਤ ਨਹੀਂ ਕੀਤਾ ਜਾਵੇਗਾ, ਸਗੋਂ ਹਰੇਕ ਪੰਚਾਇਤ ਨੂੰ ਗ੍ਰਾਂਟਾਂ ਦੇ ਖੁੱਲ੍ਹੇ ਗੱਫੇ ਦਿੱਤੇ ਜਾ ਰਹੇ ਹਨ । ਇਸ ਮੌਕੇ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਨੇ ਕਿਹਾ ਕਿ ਪੰਚਾਇਤਾਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ਜਿਆਦਾਤਰ ਪਿੰਡਾਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ‘ਤੇ ਚੱਲ ਰਹੇ ਹਨ ਅਤੇ ਉਹਨਾਂ ਨੂੰ ਗ੍ਰਾਂਟਾਂ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ । ਬੀ. ਡੀ. ਪੀ. ਓ. ਸੁਖਦੇਵ ਸਿੰਘ ਨੇ ਮਗਨਰੇਗਾ ਸਕੀਮ ਤਹਿਤ ਕਰਵਾਏ ਜਾਣ ਵਾਲੇ ਕੰਮਾਂ ਅਤੇ ਸਕੀਮਾਂ ਸਬੰਧੀ ਪੰਚਾਇਤਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਪੰਚਾਇਤਾਂ ਨੂੰ ਮਗਨਰੇਗਾ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਪੱਖਪਾਤ ਤੋਂ ਪੂਰਾ ਕਰਵਾਉਣ ਲਈ ਪ੍ਰੇਰਿਆ । ਇਸ ਮੌਕੇ ਸਰਪੰਚਾਂ – ਪੰਚਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਵੀ ਵਿਚਾਰਵਟਾਂਦਰਾ ਕੀਤਾ ਗਿਆ ਅਤੇ ਕੋਰੋਨਾ ਮਹਾਮਾਰੀ ਦੌਰਾਨ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ । ਸਮੂਹ ਪੰਚਾਇਤਾਂ ਨੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਹੋਰਨਾਂ ਦਾ ਗਰਾਂਟ ਦੇਣ ਲਈ ਧੰਨਵਾਦ ਕੀਤਾ । ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਬਿੱਟੂ ਹਦੀਆਬਾਦ, ਸੁਨੀਲ ਪਰਾਸ਼ਰ, ਸੁਖਵਿੰਦਰ ਸਿੰਘ ਰਾਣੀਪੁਰ, ਹਰਜੀਤ ਸਿੰਘ ਰਾਮਗੜ੍ਹ, ਅਮਰਜੀਤ ਸਿੰਘ ਗੱਭਰੂ ਖੁਰਮਪੁਰ, ਜਤਿੰਦਰ ਸਿੰਘ ਲਖਪੁਰ ਯੂਥ ਆਗੂ, ਕੁਲਵਿੰਦਰ ਸਿੰਘ ਸਰਪੰਚ ਅਠੌਲੀ, ਮਦਨ ਲਾਲ ਬਰਨਾ, ਹਰਜੀਤ ਸਿੰਘ ਬੋਹਾਨੀ, ਬਲਜੀਤ ਕੌਰ, ਸੁਰਿੰਦਰ ਕੌਰ, ਅਜੇ ਕੁਮਾਰ, ਮਨਜੀਤ ਕੌਰ, ਪਲਵਿੰਦਰ ਕੌਰ, ਦਲਬੀਰ ਕੌਰ, ਜਸਪਾਲ ਕੌਰ, ਰਣਜੀਤ ਕੌਰ,ਆਰ. ਪੀ. ਸਿੰਘ, ਦਵਿੰਦਰ ਸਿੰਘ ਰਾਮਪੁਰ ਖਲਿਆਣ, ਮੁਲਖ ਰਾਜ, ਅਮਰੀਕ ਸਿੰਘ, ਤੀਰਥ ਸਿੰਘ ਅਠੌਲੀ, ਸੁਰਜੀਤ ਸਿੰਘ,ਹਰਮੇਸ਼ ਸਿੰਘ ਫਤਿਹਗੜ, ਗੁਰਬਖਸ਼ ਕੌਰ, ਪਲਵਿੰਦਰ ਸਿੰਘ , ਸਾਬਕਾ ਸਰਪੰਚ ਤੀਰਥ ਸਿੰਘ, ਸ਼ੋਨੀ ਰਾਮਗੜ੍ ਅਤੇ ਦਫਤਰੀ ਸਟਾਫ ਵੀ ਹਾਜ਼ਰ ਸੀ ।