ਫਗਵਾੜਾ 14 ਸਤੰਬਰ (ਸ਼ਿਵ ਕੋੜਾ) ਪਿੰਡ ਅਕਾਲਗੜ ਵਿਖੇ ਖਪਤਕਾਰਾਂ ਵਲੋਂ ਪੀਣ ਵਾਲੇ ਪਾਣੀ ਦੇ ਬਿਲ ਦੀ ਅਦਾਇਗੀ ਨਾ ਕਰਨ ਦੇ ਚਲਦਿਆਂ ਪਾਣੀ ਵਾਲੀ ਟੰਕੀ ਤੋਂ ਸਪਲਾਈ ਜਾਰੀ ਰੱਖਣਾ ਮੁਸ਼ਕਲ ਹੋ ਗਿਆ ਹੈ। ਵਧੇਰੇ ਜਾਣਕਾਰੀ ਦਿੰਦਿਆਂ ਪਿੰਡ ਅਕਾਲਗੜ• ਦੇ ਸਰਪੰਚ ਗੁਲਜਾਰ ਸਿੰਘ, ਮੈਂਬਰ ਪੰਚਾਇਤ ਪਿਆਰਾ ਸਿੰਘ, ਕਮਲਜੀਤ, ਜਸਵੀਰ ਸਿੰਘ, ਮਨਜੀਤ ਪਾਲ, ਕਮਲਜੀਤ ਕੌਰ, ਮਨਜੀਤ ਕੌਰ ਤੋਂ ਇਲਾਵਾ ਸੈਨੀਟੇਸ਼ਨ ਕਮੇਟੀ ਮੈਂਬਰ ਜਸਵੰਤ ਸਿੰਘ ਸੂਬੇਦਾਰ, ਜਸਵਿੰਦਰ ਠੇਕੇਦਾਰ, ਪਰਗਟ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਦਸੋਂਧਾ ਸਿੰਘ, ਅਵਤਾਰ ਸਿੰਘ, ਸੁਰਜੀਤ ਸਿੰਘ, ਗੁਰਨਾਮ ਪਾਲ ਆਦਿ ਨੇ ਦੱਸਿਆ ਕਿ ਪਿੰਡ ਵਿਚ ਕਾਫੀ ਪਰਿਵਾਰ ਅਜਿਹੇ ਹਨ ਜਿਹਨਾਂ ਨੇ ਇਕ ਸਾਲ ਤੋਂ ਵੱਧ ਸਮੇਂ ਦਾ ਪਾਣੀ ਦਾ ਬਕਾਇਆ ਬਿਲ ਅਦਾ ਨਹੀਂ ਕੀਤਾ ਹੈ। ਉਹਨਾਂ ਦੱਸਿਆ ਕਿ ਇਹਨਾਂ ਪਰਿਵਾਰਾਂ ਨੂੰ ਕਈ ਵਾਰ ਨੋਟਿਸ ਵੀ ਜਾਰੀ ਕੀਤੇ ਗਏ ਹਨ ਪਰ ਬਾਵਜੂਦ ਇਸ ਦੇ ਪਾਣੀ ਦੇ ਬਿਲ ਦਾ ਭੁਗਤਾਨ ਨਹੀਂ ਹੋਇਆ ਜਿਸ ਕਰਕੇ ਪੰਚਾਇਤ ਨੂੰ ਪਾਣੀ ਦੀ ਸਪਲਾਈ ਜਾਰੀ ਰੱਖਣ ਵਿਚ ਮੁਸ਼ਕਲ ਪੇਸ਼ ਆ ਰਹੀ ਹੈ। ਉਹਨਾਂ ਦੱਸਿਆ ਕਿ ਇਹਨਾਂ ਪਰਿਵਾਰਾਂ ਵਲੋਂ ਬਿਲ ਨਾ ਦਿੱਤੇ ਜਾਣ ਕਰਕੇ ਬਿਲ ਦਾ ਸਮੇਂ ਸਿਰ ਭੁਗਤਾਨ ਕਰਨ ਵਾਲੇ ਖਪਤਕਾਰ ਵੀ ਇਤਰਾਜ ਕਰਦੇ ਹਨ ਅਤੇ ਜੇਕਰ ਉਹਨਾਂ ਨੇ ਵੀ ਬਿਲ ਦੇਣੇ ਬੰਦ ਕਰ ਦਿੱਤੇ ਤਾਂ ਮਜਬੂਰਨ ਪਾਣੀ ਦੀ ਸਪਲਾਈ ਬੰਦ ਕਰਨੀ ਪਵੇਗੀ ਜਿਸ ਨਾਲ ਪਿੰਡ ਵਾਸੀਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਦੱਸਿਆ ਕਿ ਇਸ ਸਬੰਧੀ ਅੱਜ ਪਿੰਡ ਵਿਚ ਮੁਨਾਦੀ ਕਰਵਾ ਦਿੱਤੀ ਗਈ ਹੈ ਅਤੇ ਉਹ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਪੀਣ ਵਾਲੇ ਪਾਣੀ ਦੇ ਬਿਲ ਦੀ ਬਕਾਇਆ ਰਕਮ ਦੀ ਅਦਾਇਗੀ 30 ਸਤੰਬਰ ਤੋਂ ਪਹਿਲਾਂ ਕਰ ਦਿੱਤੀ ਜਾਵੇ।