ਫਗਵਾੜਾ 21 ਅਕਤੂਬਰ (ਸ਼ਿਵ ਕੋੜਾ) ਗ੍ਰਾਮ ਪੰਚਾਇਤ ਢੱਡੇ ਵਲੋਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਇਕ ਮੰਗ ਪੱਤਰ ਸਰਪੰਚ ਖੇਮਰਾਜ ਦੀ ਅਗਵਾਈ ਹੇਠ ਦਿੱਤਾ ਗਿਆ ਜਿਸ ਵਿਚ ਪਿੰਡ ਦੇ ਵਿਕਾਸ ਸਬੰਧੀ ਮੰਗਾਂ ਰੱਖੀਆਂ ਗਈਆਂ। ਸਰਪੰਚ ਖੇਮਰਾਜ ਨੇ ਦੱਸਿਆ ਕਿ ਉਹਨਾਂ ਹਲਕਾ ਵਿਧਾਇਕ ਧਾਲੀਵਾਲ ਤੋਂ ਮੰਗ ਕੀਤੀ ਹੈ ਕਿ ਪਿੰਡ ਦੀ ਖੇਡ ਗਰਾਉਂਡ ਵਿਚ ਸਟੇਡੀਅਮ ਦੀ ਉਸਾਰੀ ਕਰਵਾਈ ਜਾਵੇ ਅਤੇ ਔਰਤਾਂ ਲਈ ਲੇਡੀਜ਼ ਜਿਮ ਬਣਾਇਆ ਜਾਵੇ। ਇਸ ਤੋਂ ਇਲਾਵਾ ਕੀਤੀਆਂ ਹੋਰ ਮੰਗਾਂ ਵਿਚ ਕਮਿਉਨਿਟੀ ਹਾਲ ਦੀ ਉਸਾਰੀ, ਡੇਰਿਆਂ ਨੂੰ ਜਾਂਦੇ ਕੱਚੇ ਰਸਤਿਆਂ ਤੇ ਪੱਕੀਆਂ ਸੜਕਾਂ ਬਨਾਉਣ ਦੀਆਂ ਮੰਗਾਂ ਸ਼ਾਮਲ ਹਨ। ਉਹਨਾਂ ਪਿੰਡ ਵਿਚ ਐਸ.ਸੀ. ਧਰਮਸ਼ਾਲਾ ਬਨਾਉਣ ਦੀ ਮੰਗ ਵੀ ਕੀਤੀ ਹੈ। ਉਹਨਾਂ ਦੱਸਿਆ ਕਿ ਵਿਧਾਇਕ ਧਾਲੀਵਾਲ ਨੇ ਭਰੋਸਾ ਦਿੱਤਾ ਹੈ ਕਿ ਮੈਰਿਟ ਦੇ ਅਧਾਰ ਤੇ ਪਿੰਡ ਦੇ ਜਰੂਰੀ ਵਿਕਾਸ ਲਈ ਗ੍ਰਾਂਟ ਦਾ ਪ੍ਰਬੰਧ ਕਰਵਾਇਆ ਜਾਵੇਗਾ। ਇਸ ਮੌਕੇ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਅਮਿੰ੍ਰਤਪਾਲ ਸਿੰਘ ਰਵੀ ਸਰਪੰਚ ਰਾਵਲਪਿੰਡੀ, ਬਾਬਾ ਕਰਮਵੀਰ ਸਿੰਘ, ਮਨਿੰਦਰ ਢੱਡਾ, ਸਰਪੰਚ ਜਸਬੀਰ ਕੌਰ ਅੰਬੇਡਕਰ ਨਗਰ, ਤਰਸੇਮ ਸਿੰਘ ਯੂ.ਕੇ., ਬਲਦੇਵ ਸਿੰਘ ਬੱਲੀ, ਜਸਪਾਲ ਸਿੰਘ ਪੀ.ਟੀ.ਆਈ. ਕੋਚ ਫਗਵਾੜਾ, ਸੁਰਿੰਦਰ ਪਾਲ ਸਾਬਕਾ ਸਰਪੰਚ, ਮਹਿੰਦਰ ਸਿੰਘ ਨੰਬਰਦਾਰ, ਕਮਲਜੀਤ ਸਿੰਘ, ਜੱਥੇਦਾਰ ਜੋਗਾ ਸਿੰਘ ਢੱਡਾ, ਮੇਜਰ ਸਿੰਘ ਢੱਡਾ ਆਦਿ ਤੋਂ ਇਲਾਵਾ ਪਿੰਡ ਦੇ ਪਤਵੰਤੇ ਹਾਜਰ ਸਨ।