ਫਗਵਾੜਾ 28 ਅਪ੍ਰੈਲ (ਸ਼ਿਵ ਕੋੜਾ) ਫਗਵਾੜਾ ਦੇ ਨਜਦੀਕੀ ਪਿੰਡ ਰਾਮਗੜ੍ਹ ਵਿਖੇ ਬੀਤੀ 24 ਅਪ੍ਰੈਲ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਦਲਿਤ ਨੌਜਵਾਨ ਰਾਮ ਲੁਭਾਇਆ ਦੇ ਪਰਿਵਾਰ ਨਾਲ ਅੱਜ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸੂਬੇ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਮੁਲਾਕਾਤ ਕੀਤੀ। ਉਹਨਾਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਉਪਰੰਤ ਭਰੋਸਾ ਦਿੱਤਾ ਕਿ ਕਤਲ ਦਾ ਸ਼ਿਕਾਰ ਹੋਏ ਨੌਜਵਾਨ ਦੇ ਪਰਿਵਾਰ ਨੂੰ ਪੂਰਣ ਤੌਰ ਤੇ ਨਿਆ ਦੁਆਉਣ ਲਈ ਉਹ ਪਾਰਟੀਬਾਜੀ ਤੋਂ ਉਪਰ ਉਠ ਕੇ ਪਰਿਵਾਰ ਦੇ ਹਰ ਸੰਘਰਸ਼ ਵਿਚ ਨਾਲ ਖੜੇ ਰਹਿਣਗੇ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਪਰਿਵਾਰ ਨੂੰ ਆਰਥਕ ਸਹਾਇਤਾ ਦੁਆਉਣ ਦਾ ਵੀ ਹਰ ਸੰਭਵ ਯਤਨ ਕਰਨਗੇ। ਜਿਕਰਯੋਗ ਹੈ ਕਿ ਪਰਿਵਾਰ ਨੇ ਨੌਜਵਾਨ ਦਾ ਅੰਤਮ ਸੰਸਕਾਰ ਕਰਨ ਤੋਂ ਹਾਲ ਦੀ ਘੜੀ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਹੈ ਕਿ ਜਦੋਂ ਤੱਕ ਕਾਤਲ ਗਿਰਫਤਾਰ ਨਹੀਂ ਹੁੰਦੇ ਉਹ ਸੰਸਕਾਰ ਨਹੀਂ ਕਰਨਗੇ। ਪਰਿਵਾਰ ਨੇ ਦਲਿਤ ਹੋਣ ਦੇ ਚਲਦਿਆਂ ਪਰਿਵਾਰ ਨੂੰ ਧਮਕੀਆਂ ਮਿਲਣ ਦੀ ਗੱਲ ਵੀ ਕਹੀ। ਜਿਸ ਤੇ ਜੋਗਿੰਦਰ ਸਿੰਘ ਮਾਨ ਨੇ ਮੌਕੇ ਤੇ ਹੀ ਐਸ.ਸੀ. ਕਮੀਸ਼ਨ ਪੰਜਾਬ ਦੀ ਚੇਅਰਮੈਨ ਸ੍ਰੀਮਤੀ ਤਜਿੰਦਰ ਕੌਰ (ਆਈ.ਏ.ਐਸ.) ਅਤੇ ਕੌਮੀ ਐਸ.ਸੀ. ਕਮੀਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨਾਲ ਮੋਬਾਇਲ ਫੋਨ ਤੇ ਗੱਲਬਾਤ ਕਰਕੇ ਉਹਨਾਂ ਦੇ ਨੋਟਿਸ ਵਿਚ ਗੱਲ ਲਿਆਂਦੀ ਅਤੇ ਪਰਿਵਾਰ ਨੂੰ ਨਿਆ ਦਾ ਭਰੋਸਾ ਦੁਆਇਆ। ਇਸ ਮੌਕੇ ਉਹਨਾਂ ਦੇ ਨਾਲ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੇ ਪ੍ਰਧਾਨ ਦਲਜੀਤ ਰਾਜੂ , ਅਵਤਾਰ ਸਿੰਘ ਸਰਪੰਚ ਪੰਡਵਾ, ਹਰਜੀਤ ਸਿੰਘ ਰਾਮਗੜ੍ਹ, ਮਨਜੋਤ ਸਿੰਘ, ਜੋਗਾ ਸਿੰਘ, ਰੀਤ ਪ੍ਰੀਤ ਪਾਲ ਸਿੰਘ ਆਦਿ ਹਾਜਰ ਸਨ।