ਫਗਵਾੜਾ 30 ਦਸੰਬਰ (ਸ਼ਿਵ ਕੋੜਾ) ਪਿੰਡ ਰਾਮਗੜ੍ਹ/ਢੱਕ ਜਗਪਾਲਪੁਰ ਵਿਖੇ ਖੁਰਦ-ਬੁਰਦ ਹੋਈ ਛੱਪੜ ਦੀ ਗਾਰ ਅਤੇ ਮਿੱਟੀ ਦੇ ਸਬੰਧ ਵਿੱਚ ਅੱਜ ਬੀ.ਡੀ.ਪੀ.ਓ. ਸ੍ਰੀ ਸੁਖਦੇਵ ਸਿੰਘ, ਜੇ.ਈ. ਸ਼ਿਵ ਕੁਮਾਰ ਅਤੇ ਪੰਚਾਇਤ ਸਕੱਤਰ ਬਿੰਦਰ ਸਿੰਘ ਨੇ ਪਿੰਡ ਪੁੱਜ ਕੇ ਮੁਆਇਨਾ ਮੋਕਾ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਬੀ.ਡੀ.ਪੀ.ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਕੁਝ ਹਫਤੇ ਪਹਿਲਾਂ ਪਿੰਡ ਦੇ ਛੱਪੜ ਦੀ ਸਫਾਈ ਕਰਵਾਈ ਗਈ ਸੀ ਅਤੇ ਠੇਕੇਦਾਰ ਅਨੁਸਾਰ ਛੱਪੜ ਵਿਚੋਂ ਨਿਕਲੀ ਕਰੀਬ 260 ਟਰਾਲੀ ਗਾਰ ਅਤੇ ਮਿੱਟੀ ਇਕ ਪ੍ਰਾਈਵੇਟ ਜਗ੍ਹਾ ਪਰ ਢੇਰੀ ਕੀਤੀ ਗਈ ਸੀ ਜਿਸਨੂੰ ਖੁਰਦ ਬੁਰਦ ਕੀਤੇ ਜਾਣ ਬਾਰੇ ਪਿੰਡ ਦੇ ਵਸਨੀਕ ਰੀਤ ਪ੍ਰੀਤ ਪਾਲ ਸਿੰਘ ਨੇ ਲਿਖਿਤ ਤੌਰ ਤੇ ਸ਼ਿਕਾਇਤ ਦਿੱਤੀ ਸੀ। ਜਿਸ ਸਬੰਧੀ ਅੱਜ ਮੋਕਾ ਮੁਆਇਨਾ ਕਰਕੇ ਜਾਇਜਾ ਲਿਆ ਗਿਆ ਹੈ। ਉਹਨਾਂ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੋ ਕੋਈ ਵੀ ਦੋਸ਼ੀ ਹੋਵੇਗਾ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੋਕੇ ਪਰ ਮੌਜੂਦ ਸ਼ਿਕਾਇਤਾ ਕਰਤਾ ਰੀਤ ਪ੍ਰੀਤ ਪਾਲ ਸਿੰਘ ਨੇ ਬੀ.ਡੀ.ਪੀ.ਓ. ਦਫਤਰ ਦੀ ਕਾਰਵਾਈ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਵਿਸ਼ਵਾਸ ਜਤਾਇਆ ਕਿ ਜਲਦੀ ਹੀ ਜਾਂਚ ਦਾ ਕੰਮ ਮੁਕੱਮਲ ਹੋਵੇਗਾ ਅਤੇ ਗਾਰ ਤੇ ਮਿੱਟੀ ਨੂੰ ਖੁਰਦ ਬੁਰਦ ਕਰਨ ਵਾਲੇ ਦੋਸ਼ੀਆਂ ਦਾ ਪਤਾ ਲਗਾ ਕੇ ਢੁਕਵੀਂ ਕਾਰਵਾਈ ਹੋਵੇਗੀ।