
ਫਗਵਾੜਾ (ਸ਼ਿਵ ਕੋੜਾ) ਫਗਵਾੜਾ ਹਲਕੇ ਦੇ ਪਿੰਡ ਹਰਬੰਸਪੁਰ/ਜਗਜੀਤਪੁਰ ਤੋਂ ਕਿਸਾਨਾ ਦੇ ਇਕ ਜੱਥੇ ਨੇ ਨਵੇਂ ਸਾਲ ਮੌਕੇ ਮਾਸਟਰ ਪ੍ਰਮਜੀਤ ਸਿੰਘ ਚੌਹਾਨ ਅਤੇ ਕੁਲਦੀਪ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਦਿੱਲੀ ਦੇ ਸਿੰਘੁ ਬਾਰਡਰ ਵਿਖੇ ਕਿਸਾਨਾ ਵਲੋਂ ਲਾਏ ਮੋਰਚੇ ਵਿਚ ਸ਼ਿਰਕਤ ਕਰਦਿਆਂ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਮਾਸਟਰ ਪਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਇਹ ਅੱਠਵਾਂ ਜੱਥਾ ਸੀ ਜੋ ਕਿਸਾਨਾ ਨਾਲ ਇਕਜੁਟਤਾ ਦਰਸਾਉਣ ਲਈ ਦਿੱਲੀ ਬਾਰਡਰ ਤੇ ਗਿਆ ਸੀ। ਉਹਨਾਂ ਕਿਹਾ ਕਿ ਕਿਸਾਨਾ ਵਲੋਂ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੀ ਕੀਤੀ ਜਾ ਰਹੀ ਮੰਗ ਬਿਲਕੁਲ ਜਾਇਜ ਹੈ ਜਿਸ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ 4 ਜਨਵਰੀ ਦੀ ਮੀਟਿੰਗ ‘ਚ ਵੀ ਮੋਦੀ ਸਰਕਾਰ ਨੇ ਆਪਣੀ ਜਿੱਦ ਨਾ ਛੱਡੀ ਅਤੇ ਸੰਘਰਸ਼ ਨੂੰ ਲੰਬਾ ਖਿੱਚਣ ਲਈ ਮਜਬੂਰ ਕੀਤਾ ਤਾਂ ਕਿਸਾਨਾ ਵਲੋਂ ਉਲੀਕੀ ਜਾਣ ਵਾਲੀ ਸੰਘਰਸ਼ ਦੀ ਅਗਲੀ ਰੂਪਰੇਖਾ ਵਿਚ ਵੀ ਵੱਧ-ਚੜ੍ਹ ਕੇ ਹਿੱਸਾ ਲਿਆ ਜਾਵੇਗਾ। ਇਸ ਮੌਕੇ ਡੀ.ਸੀ. ਸਿੰਘ, ਮਾਸਟਰ ਸੁਖਦੇਵ ਸਿੰਘ, ਰਾਜਾ ਸਿੰਘ ਚੌਹਾਨ, ਗੁਰਪ੍ਰੀਤ ਸਿੰਘ, ਵਿੱਕੀ ਸਿੰਘ, ਰਿੰਕੂ, ਸਨੀ, ਵਿਕਾਸ ਆਦਿ ਹਾਜਰ ਸਨ।