
ਜਲੰਧਰ 20 ਮਾਰਚ ( ) :- ਸੂਬਾ ਸਰਕਾਰ ਵੱਲੋਂ 20 ਮਾਰਚ ਤੋਂ 31 ਮਾਰਚ ਤੱਕ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਕਰਨ ਦੇ ਐਲਾਨ ਦੀ ਪੰਜਾਬ ਸਟੂਡੈਂਟਸ ਯੂਨੀਅਨ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਵਿੱਦਿਅਕ ਸੰਸਥਾਵਾਂ ਨੂੰ ਦੁਬਾਰਾ ਖੋਲਣ ਦੀ ਮੰਗ ਕਰਦੀ ਹੈ। ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਵਰਜੀਤ ਕੌਰ, ਜ਼ਿਲ੍ਹਾ ਸਕੱਤਰ ਰਮਨਦੀਪ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਦਾ ਬਹਾਨਾ ਬਣਾ ਕੇ ਵਿੱਦਿਅਕ ਅਦਾਰਿਆਂ ਨੂੰ ਬੰਦ ਕਰਨਾ ਨਿੰਦਣਯੋਗ ਹੈ। ਪਿਛਲੇ ਸਾਲ ਮਾਰਚ ਮਹੀਨੇ ਵਿੱਚ ਹੀ ਸਾਰੇ ਵਿੱਦਿਅਕ ਸੰਸਥਾਵਾਂ ਨੂੰ ਬੰਦ ਕੀਤਾ ਗਿਆ ਸੀ ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਬਹੁਤ ਬੁਰਾ ਪ੍ਰਭਾਵ ਪਿਆ। ਪਿਛਲੇ ਸਾਲ ਦੇ ਲਾੱਕਡਾਊਨ ਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕੀਤਾ ਜਿਸ ਕਾਰਨ ਕਈ ਲੋਕ ਬੇਰੁਜ਼ਗਾਰ ਹੋ ਗਏ। ਪੰਜਾਬ ਦੀ ਆਰਥਿਕ ਸਥਿਤੀ ਹੋਰ ਭੈੜੀ ਹੋ ਗਈ। ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ, ਸੁਤੰਲਿਤ ਭੋਜਨ ਮੁਹੱਈਆ ਕਰਵਾਉਣ ਦੀ ਬਜਾਏ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ।ਉਨ੍ਹਾਂ ਕਿਹਾ ਕਿ ਕਰੋਨਾ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ ਜੇਕਰ ਸਾਡੇ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਕੁਦਰਤੀ ਤਾਕਤ ਭਾਵ ਕਿ ਇਮਇਊਨਟੀ ਸ਼ਕਤੀ ਚੰਗੀ ਹੋਵੇ ਜਿਸਦੇ ਲਈ ਜ਼ਰੂਰੀ ਆ ਚੰਗੀ ਖੁਰਾਕ,ਚੰਗਾ ਵਾਤਾਵਰਨ। ਸਰਕਾਰ ਨੂੰ ਤਾਂ ਚਾਹੀਦਾ ਆ ਕਿ ਇਹ ਚੀਜ਼ਾਂ ਲੋਕਾਂ ਨੂੰ ਮੁਹੱਈਆ ਕਰਵਾਏ।ਪਰ ਸਰਕਾਰ ਲੋਕਾਂ ਨੂੰ ਘਰਾਂ ਚ ਤਾੜਨ ਦਾ ਹੀ ਕੰਮ ਕਰ ਰਹੀ ਹੈ।ਉਹਨਾਂ ਕਿਹਾ ਕਿੰਨੀ ਵਿਅੰਗਮਈ ਗੱਲ ਹੈ ਕਿ ਜਿੱਥੇ ਸਭ ਕੁੱਝ ਖੁੱਲਾ ਹੈ ਟਰਾਂਸਪੋਰਟ, ਦੁਕਾਨਾਂ, ਹਸਪਤਾਲ ਸਭ ਕੁਝ ਆਮ ਵਾਂਗ ਹੈ ਪਰ ਵਿੱਦਿਅਕ ਸੰਸਥਾਵਾਂ ਹੀ ਆਖਿਰ ਬੰਦ ਕੀਤੀਆਂ ਗਈਆਂ ਹਨ। ਸਰਕਾਰ ਵੱਲੋਂ ਜਦੋਂ ਚੋਣ ਰੈਲੀਆਂ ਕੀਤੀਆਂ ਜਾਂਦੀਆਂ ਹਨ ਉਸ ਵੇਲੇ ਕਰੋਨਾ ਨਹੀਂ ਹੁੰਦਾ। ਵਿਦਿਆਰਥੀਆਂ ਲਈ ਸਰਕਾਰ ਨੇ ਆਨਲਾਈਨ ਸਿਸਟਮ ਦੇ ਜ਼ਰੀਏ ਪੜਾਈ ਦਾ ਹੁਕਮ ਜਾਰੀ ਕੀਤੇ ਪਰ ਆੱਨਲਾਈਨ ਸਿਸਟਮ ਅਸਫਲ ਹੋ ਚੁੱਕਾ ਹੈ। ਆਨਲਾਈਨ ਸਿਸਟਮ ਨਾਲ ਵਿਦਿਆਰਥੀ ਨੂੰ ਸਿੱਖਿਆ ਦੀ ਗੁਣਵੱਤਾ ਵੀ ਪ੍ਰਾਪਤ ਨਹੀਂ ਹੁੰਦੀ ਅਤੇ ਨਾ ਹੀ ਸਰਵ ਪੱਖੀ ਵਿਕਾਸ ਹੁੰਦਾ ਹੈ।ਉਹਨਾਂ ਕਿਹਾ ਕਿ ਜੇਕਰ ਸਰਕਾਰ ਦਾ ਵਿਦਿਆਰਥੀਆਂ ਦੀ ਪੜ੍ਹਾਈ ਨਾਲ ਇਸ ਤਰ੍ਹਾਂ ਦਾ ਹੀ ਰਵੱਈਆ ਰਿਹਾ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਇਸ ਦਾ ਤਿੱਖਾ ਵਿਰੋਧ ਕਰੇਗੀ। ਉਹਨਾਂ ਮੰਗ ਕੀਤੀ ਕਿ ਵਿੱਦਿਅਕ ਸੰਸਥਾਵਾਂ ਨੂੰ ਜਲਦ ਤੋਂ ਜਲਦ ਖੋਲਿਆ ਜਾਵੇ ।