
ਜਲੰਧਰ, 31 ਦਸੰਬਰ
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੀਰਵਾਰ ਨੂੰ ਸ਼ਹਿਰ ਦੇ ਸਮੂਹ ਵਸਨੀਕਾਂ ਨੂੰ ਨਵੇਂ ਸਾਲ 2021 ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਪ੍ਰਮਾਤਮਾ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਹਮੇਸ਼ਾ ਆਪਣਾ ਆਸ਼ੀਰਵਾਦ ਬਣਾਈ ਰੱਖੇ ਤੇ ਸਾਨੂੰ ਸਾਰਿਆਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਤਾਕਤ ਅਤੇ ਦ੍ਰਿੜਤਾ ਬਖਸ਼ੇ ਅਤੇ ਨਵੇਂ ਸਾਲ ਵਿੱਚ ਮਨੁੱਖਤਾ ਦੀ ਭਲਾਈ ਦੇ ਸਾਡੇ ਉਦੇਸ਼ ਨੂੰ ਪੂਰਾ ਕਰੇ ।
ਉਨ੍ਹਾਂ ਕਿਹਾ ਕਿ ਨਵੇਂ ਸਾਲ ਦੀ ਸਵੇਰ ਦਾ ਸਵਾਗਤ ਹਮੇਸ਼ਾ ਨਵੀਂ ਉਮੀਦ ਅਤੇ ਆਸ ਨਾਲ ਕੀਤਾ ਜਾਂਦਾ ਹੈ, ਜੋ ਕਿ ਸਿਰਫ਼ ਉਤਸ਼ਾਹ, ਦ੍ਰਿੜਤਾ ਅਤੇ ਸਮਰਪਣ ਨਾਲ ਮਿਲ ਕੇ ਕੰਮ ਕਰਨ ਨਾਲ ਪੂਰਾ ਹੋ ਸਕਦੀਆਂ ਹਨ ।
ਪੁਲਿਸ ਕਮਿਸ਼ਨਰ ਨੇ ਜਲੰਧਰ ਨੂੰ ਵਧੇਰੇ ਸੁਰੱਖਿਅਤ ਅਤੇ ਅਪਰਾਧ ਮੁਕਤ ਬਣਾਉਣ ਵਿੱਚ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ । ਉਨ੍ਹਾਂ ਉਮੀਦ ਪ੍ਰਗਟਾਈ ਕਿ ਨਵੇਂ ਸਾਲ ਵਿੱਚ ਪੁਲਿਸ ਅਤੇ ਲੋਕਾਂ ਦੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਮਿਲੇਗੀ।
ਇਸ ਦੌਰਾਨ ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲਿਸ ਅਧਿਕਾਰੀਆਂ ਨਾਲ ਇੱਕ ਮੀਟਿੰਗ ਵੀ ਕੀਤੀ ਅਤੇ 2020 ਵਿੱਚ ਕਮਿਸ਼ਨਰੇਟ ਪੁਲਿਸ ਦੀ ਕਾਰਗੁਜ਼ਾਰੀ ‘ਤੇ ਪੂਰੀ ਤਸੱਲੀ ਪ੍ਰਗਟ ਕੀਤੀ, ਇਸ ਦੌਰਾਨ ਪੁਲਿਸ ਨੇ ਕੋਰੋਨਾ ਵਾਇਰਸ ਵਿਰੁੱਧ ਬਹਾਦਰੀ ਨਾਲ ਲੜਾਈ ਲੜੀ।
ਉਨ੍ਹਾਂ ਕਿਹਾ ਕਿ ਨਸ਼ਿਆਂ, ਮਾਫੀਆ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਨਵੇਂ ਸਾਲ ਵਿੱਚ ਲੋਕਾਂ ਲਈ ਘੱਟੋ-ਘੱਟ ਪ੍ਰੇਸ਼ਾਨੀ ਨੂੰ ਯਕੀਨੀ ਬਣਾਉਣਾ ਕਮਿਸ਼ਨਰੇਟ ਪੁਲਿਸ ਦਾ ਟੀਚਾ ਹੈ।