ਜਲੰਧਰ 31 ਅਗਸਤ 2020

ਸਿੱਧ ਬਾਬਾ ਸੋਢਲ ਮੰਦਿਰ ਵਿਖੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਅਤੇ ਮੰਦਿਰ ਵਿਖੇ ਆਉਣ ਵਾਲੇ ਲੋਕਾਂ ਦੁਆਰਾ ਸਮਾਜਿਕ ਦੂਰੀ ਅਤੇ ਮਾਸਕ ਪਾਉਣ ਦੀਆਂ ਹਦਾਇਤਾਂ ਦੀ ਪਾਲਣਾ ਦੇ ਮੱਦੇਨਜ਼ਰ ਪੁਲਿਸ ਕਮਿਸ਼ਨਰ ਜਲੰਧਰ  ਗੁਰਪ੍ਰੀਤ ਸਿੰਘ ਭੁੱਲਰ ਵਲੋਂ ਮੰਦਿਰ ਦੇ ਦੌਰੇ ਦੌਰਾਨ ਦੱਸਿਆ ਗਿਆ ਕਿ ਮੰਦਿਰ ਅਤੇ ਇਸ ਦੇ ਆਲੇ ਦੁਆਲੇ 600 ਤੋਂ ਜ਼ਿਆਦਾ ਪੁਲਿਸ ਕਰਮੀ ਤਾਇਨਾਤ ਕਰਨ ਤੋਂ ਇਲਾਵਾ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਪੁਲਿਸ ਕਮਿਸ਼ਨਰ ਜਿਨਾਂ ਦੇ ਨਾਲ ਡਿਪਟੀ ਕਮਿਸ਼ਨਰ ਗੁਰਮੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਵਤਸਲਾ ਗੁਪਤਾ ਵੀ ਮੌਜੂਦ ਸਨ ਵਲੋਂ ਸੋਢਲ ਮੰਦਿਰ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆ ਪੁਲਿਸ ਕਮਿਸ਼ਨਰੇਟ ਦੁਆਰਾ ਹਰ ਕੀਮਤ ’ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ।ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀਆਂ ਤੋਂ ਪੂਰਨ ਸਹਿਯੋਗ ਅਤੇ ਮਦਦ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਮੰਦਿਰ ਵਿਖੇ ਜਾਣ ਸਮੇਂ ਕੋਵਿਡ-19 ਪ੍ਰੋਟੋਕਾਲ ਖਾਸ ਕਰਕੇ ਸੁਰੱਖਿਆ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਿਆ ਜਾਵੇ।ਭੁੱਲਰ ਨੇ ਦੱਸਿਆ ਕਿ ਇਸ ਪਵਿੱਤਰ ਅਸਥਾਨ ’ਤੇ ਹਰ ਸਾਲ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੁੰਦੇ ਹਨ , ਪਰ ਇਸ ਸਾਲ ਕੋਵਿਡ-19 ਮਹਾਂਮਾਰੀ ਕਰਕੇ ਮੇਲਾ ਨਹੀਂ ਕਰਵਾਇਆ ਜਾ ਰਿਹਾ ਹੈ।ਭੁੱਲਰ ਨੇ ਦੱਸਿਆ ਕਿ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਸਿੱਧ ਬਾਬਾ ਸੋਢਲ ਮੰਦਿਰ ਦੇ ਦਰਸ਼ਨ ਕਰਨ ਵਰਗੀ ਸੁਵਿਧਾ ਪਹਿਲਾਂ ਹੀ ਪ੍ਰਬੰਧਕ ਕਮੇਟੀ ਵਲੋਂ ਮੁਹੱਈਆ ਕਰਵਾਈ ਗਈ ਹੈ, ਤਾਂ ਕਿ ਸ਼ਰਧਾਲੂਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।ਭੁੱਲਰ ਨੇ ਦੱਸਿਆ ਕਿ ਪੁਲਿਸ 24 ਘੰਟੇ ਉਥੇ ਮੌਜੂਦ ਰਹੇਗੀ ਤਾਂ ਜੋ ਲੋਕਾ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਆਪਣੀ ਡਿਊਟੀ ਪੂਰੇ ਉਤਸ਼ਾਹ ਤੇ ਲਗਨ ਨਾਲ ਨਿਭਾ ਕੇ ਪੁਲਿਸ ਦੀ ਲੋਕ ਸੇਵਾ ਦੀ ਸ਼ਾਨਦਾਰ ਰਵਾਇਤ ਨੂੰ ਬਰਕਰਾਰ ਰੱਖਿਆ ਜਾਵੇਗਾ।