ਜਲੰਧਰ 07 ਅਗਸਤ 2020

ਪਿਛਲੇ ਦਿਨੀ ਅਖਬਾਰ ਵਿੱਚ ਛਪੀ ਖ਼ਬਰ ‘‘ ਮੋਹਰਤਵਰ ਵਿਅਕਤੀਆਂ ਦੀ ਹਾਜਰੀ ਵਿੱਚ ਦਲਿਤ ਮਹਿਲਾ ਦੇ ਮਾਰੇ ਥੱਪੜ ਅਤੇ ਬੋਲੇ ਜ਼ਾਤੀ ਸੂਚਕ ਸ਼ਬਦ’’ ਦਾ ਸੂ-ਮੋਟੋ ਲੈਂਦੇ ਹੋਏ ਐਸ.ਸੀ.ਕਮਿਸ਼ਨ ਪੰਜਾਬ ਦੀ ਚੇਅਰਪਰਸਨ ਸ੍ਰੀਮਤੀ ਤਜਿੰਦਰ ਕੌਰ (ਰਿਟਾ.ਆਈ.ਏ.ਐਸ.) ਨੇ ਕਮਿਸ਼ਨ ਦੇ ਮੈਂਬਰ  ਗਿਆਨ ਚੰਦ ਦੀਵਾਲੀ ਅਤੇ  ਪ੍ਰਭਦਿਆਲ ਨੂੰ ਪੀੜਤ ਮਹਿਲਾ ਨੂੰ ਮਿਲਕੇ ਘਟਨਾਂ ਦੀ ਅਸਲ ਸਚਾਈ ਜਾਨਣ ਅਤੇ ਪੀੜਤ ਨਾਲ ਹਮਦਰਦੀ ਪ੍ਰਗਟ ਕਰਨ ਲਈ ਪੀੜਤਾ ਦੇ ਪਿੰਡ ਚੱਕ ਮੁਗਲਾਨੀ (ਨੇੜੇ ਨਕੋਦਰ) ਭੇਜਿਆ।

ਅੱਜ ਇਹ ਦੋਵੇਂ ਮੈਂਬਰ ਪੀੜਤ ਮਹਿਲਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸਥਾਨਕ ਡੀ.ਐਸ.ਪੀ. ਐਨ ਐਸ. ਮਾਹਲ ਅਤੇ ਸਬੰਧਿਤ ਐਸ.ਐਚ.ਓ., ਚੌਂਕੀ ਇੰਚਾਰਜ ਸ਼ੰਕਰ ਅਤੇ ਜ਼ਿਲ੍ਹਾ ਭਲਾਈ ਅਫ਼ਸਰ ਰਜਿੰਦਰ ਸਿੰਘ ਦੀ ਹਾਜ਼ਰੀ ਵਿੱਚ ਮਿਲੇ ਅਤੇ ਸਾਰੀ ਘਟਨਾ ਦੀ ਜਾਣਕਾਰੀ ਹਾਸਿਲ ਕੀਤੀ ਅਤੇ ਹਾਜਰ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਥਿਤ ਦੋਸੀ ਵਿਅਕਤੀ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਤਹਿ ਸੀਮਾਂ 60 ਦਿਨ ਦੇ ਅੰਦਰ-ਅੰਦਰ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।

ਉਨ੍ਹਾਂ ਵਲੋਂ ਜ਼ਿਲ੍ਹਾ ਭਲਾਈ ਅਫ਼ਸਰ ਨੂੰ ਵੀ ਹੁਕਮ ਕੀਤਾ ਗਿਆ ਕਿ ਉਹ ਜਲਦੀ ਕਾਗਜ਼ੀ ਕਾਰਵਾਈ ਕਰਕੇ ਪੀੜਤ ਨੂੰ ਮੁਆਵਜ਼ਾ ਰਾਸ਼ੀ ਤੁਰੰਤ ਦੇਣ ਦਾ ਪ੍ਰਬੰਧ ਕਰਨ। ਦੋਵਾਂ ਮੈਂਬਰਾਂ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਪੰਜਾਬ ਐਸ.ਸੀ.ਕਮਿਸ਼ਨ ਅਜਿਹੀਆਂ ਘਟਨਾਂਵਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ ਅਤੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਲਈ ਪੁਲਿਸ ਅਧਿਕਾਰੀਆਂ ਨੂੰ ਪਾਬੰਦ ਕਰਦਾ ਹੈ। ਇਸ ਕੇਸ ਵਿੱਚ ਪੁਲਿਸ ਦੀ ਕਾਰਗੁਜਾਰੀ ਭਾਵੇਂ ਤਸੱਲੀਬਖਸ਼ ਹੈ ਜਿਸ ਨੇ ਘਟਨਾ ਤੋਂ ਫੌਰਨ ਬਾਅਦ ਧਾਰਾ 354 ਅਤੇ ਐਸ.ਸੀ/ਐਸ.ਟੀ. ਐਕਟ ਦੀਆਂ ਧਰਾਵਾਂ ਤਹਿਤ ਐਫ.ਆਈ.ਆਰ.ਦਰਜ ਕੀਤੀ ਹੈ ਪਰੰਤੂ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਅਜੇ ਤੱਕ ਨਹੀਂ ਹੋਈ ਜਿਸ ਲਈ ਕਮਿਸ਼ਨ ਵਲੋਂ ਪੁਲਿਸ ਅਧਿਕਾਰੀਅ ਨੂੰ ਪਾਬੰਦ ਕੀਤਾ ਗਿਆ ਹੈ।