ਜਲੰਧਰ :- ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਜਲੰਧਰ ਤੋਂ ਚੰਡੀਗੜ੍ਹ ਤਕ ਕੱਢੇ ਜਾਣ ਵਾਲੀ ‘ਦਲਿਤ ਇਨਸਾਫ਼ ਯਾਤਰਾ’ ਦੇ ਜਲੰਧਰ ਤੋਂ ਸ਼ੁਰੂ ਹੋਣ ਸਮੇਂ ਹੀ ਭਾਰੀ ਹੰਗਾਮਾ ਵੇਖ਼ਣ ਨੂੰ ਮਿਲਿਆ ਅਤੇ ਪੁਲਿਸ ਨੇ ਇਸ ਯਾਤਰਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਦੀ ਸਮਾਪਤੀ ਕਰਵਾ ਦਿੱਤੀ। ਜਲੰਧਰ ਦੇ ਸੂਰਿਆ ਐਨਕਲੇਵ ਤੋਂ ਸ਼ੁਰੂ ਹੋਣ ਵਾਲੀ ਇਸ ਯਾਤਰਾ ਲਈ ਅੱਜ ਭਾਜਪਾ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਨ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੋਂ ਇਲਾਵਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਇਸ ਯਾਤਰਾ ਨੂੰ ਜਲੰਧਰ ਤੋਂ ਝੰਡੀ ਵਿਖ਼ਾ ਕੇ ਰਵਾਨਾ ਕਰਨਾ ਸੀ।

ਇਸ ਯਾਤਰਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਸ: ਸਾਧੂ ਸਿੰਘ ਧਰਮਸੋਤ ਦੀ ਸ਼ਮੂਲੀਅਤ ਵਾਲੇ ਪੋਸਟ ਮੈਟਰਿਕ ਸਕਾਲਰਸ਼ਿਪ ਘਪਲੇ ਅਤੇ ਹੋਰ ਦਲਿਤ ਮੁੱਦਿਆਂ ’ਤੇ ਪ੍ਰਦਰਸ਼ਨ ਕਰਦੇ ਹੋਏ ਚੰਡੀਗੜ੍ਹ ਪੁੱਜਣਾ ਸੀ ਜਿੱਥੇ ਮੁੱਖ ਮੰਤਰੀ ਦੇ ਨਿਵਾਸ ਨੂੰ ਘੇਰੇ ਜਾਣ ਦਾ ਪ੍ਰੋਗਰਾਮ ਸੀ। ਵੱਡੀ ਗਿਣਤੀ ਵਿੱਚ ਤਾਇਨਾਤ ਪੁਲਿਸ ਫ਼ੋਰਸ ਨੇ ਸ਼ੁਰੁੂ ਹੋਣ ਤੋਂ ਪਹਿਲਾਂ ਹੀ ਇਸ ਯਾਤਰਾ ਦਾ ਰਾਹ ਰੋਕ ਲਿਆ ਅਤੇ ਇਕ ਵਾਹਨ ’ਤੇ ਸਵਾਰ ਪਾਰਟੀ ਦੇ ਚੋਟੀ ਦੇ ਆਗੂਆਂ ਨੂੰ ਹੇਠਾਂ ਉਤਰਵਾ ਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਮੌਕੇ ਸਾਬਕਾ ਮੰਤਰੀ  ਮਨੋਰੰਜਨ ਕਾਲੀਆ, ਸਾਬਕਾ ਪਾਰਲੀਮਾਨੀ ਸਕੱਤਰ  ਕੇ.ਡੀ.ਭੰਡਾਰੀ, ਮਹਿੰਦਰ ਭਗਤ ਅਤੇ ਹੋਰ ਆਗੂ ਹਾਜ਼ਰ ਸਨ।