ਕਰਤਾਰਪੁਰ,8 ਮਈ – ਸਰਕਾਰ ਵਲੋਂ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਲਗਾਏ ਲਾਕਡਾਊਨ ਨੂੰ ਤੋੜਦੇ ਹੋਏ ਦੁਕਾਨਾਂ, ਕਾਰੋਬਾਰ ਖੁਲਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਅੱਜ ੲੇਥੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਬਾਜ਼ਾਰਾਂ ਵਿੱਚ ਮੁਜ਼ਾਹਰਾ ਕੀਤਾ ਗਿਆ ਅਤੇ ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ,ਰੇੜੀ ਫੜੀ ਵਾਲਿਆਂ ਨਾਲ ਇੱਕਮੁੱਠਤਾ ਪ੍ਰਗਟ ਕੀਤੀ ਗਈ।ਇਸ ਮੌਕੇ ਲਾਕਡਾਊਨ ਖ਼ਤਮ ਕਰਨ ਅਤੇ ਸਵੇਰੇ 7 ਵਜੇ ਤੋਂ ਸ਼ਾਮ 9 ਵਜੇ ਤੱਕ ਸਾਰੀਆਂ ਦੁਕਾਨਾਂ, ਛੋਟੇ ਕਾਰੋਬਾਰ ਖੋਹਲਣ, ਰੇੜੀਆਂ- ਫੜੀਆਂ ਲਾਉਣ ਦੀ ਖੁੱਲ੍ਹ ਦੇਣ ਦੀ ਮੰਗ ਕੀਤੀ ਗਈ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸੋ਼ਰ ਨੇ ਕਿਹਾ ਕਿ ਕਰੋਨਾ ਦੇ ਖਾਤਮੇ ਲਈ ਸਰਕਾਰ ਪੂਰੇ ਬੰਦੋਬਸਤ ਕਰਨ ਵਿੱਚ ਫੇਲ ਸਾਬਿਤ ਹੋਈ ਹੈ। ਸਰਕਾਰ ਵਲੋਂ ਬਣਾਈ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਲਗਾਏ ਜਾਂ ਵਾਲੇ ਆਕਸੀਜਨ ਦੇ ਪਲਾਂਟ ਲਗਾਏ ਨਹੀਂ, ਸਰਕਾਰੀ ਹਸਪਤਾਲਾਂ ਵਿੱਚ ਪ੍ਰਬੰਧਾਂ ਦੀ ਘਾਟ ਦੂਰ ਕੀਤੀ ਨਹੀਂ ਗੲੀ। ਕਸੂਰਵਾਰ ਸਰਕਾਰ ਖੁਦ ਅਤੇ ਸਜ਼ਾ ਲਾਕਡਾਊਨ ਲਗਾ ਕੇ ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ,ਰੇੜੀ ਫੜੀ ਵਾਲਿਆਂ ਉੱਤੇ ਪਾਬੰਦੀਆਂ ਮੜ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਪਾਬੰਦੀਆਂ ਲਗਾ ਕੇ ਪੰਜਾਬ ਨੂੰ ਪੁਲਿਸ ਰਾਜ ਵਿੱਚ ਤਬਦੀਲ ਕੀਤਾ ਹੋਇਆ ਹੈ।
ਇਸ ਮੌਕੇ ਵੱਖ-ਵੱਖ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਆਪਣੇ ਕਾਰੋਬਾਰ ਬੰਦ ਹੋਣ ਕਰਕੇ ਬਹੁਤ ਹੀ ਪ੍ਰੇਸ਼ਾਨੀ ਵਿਚੋਂ ਲੰਘ ਰਹੇ ਹਨ।ਉਹਨਾਂ ਦੇ ਕਾਰੋਬਾਰ ਤਬਾਹੀ ਦੇ ਕੰਢੇ ਪਹੁੰਚ ਗਏ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਉਹਨਾਂ ਨੂੰ ਡੰਡੇ ਦੇ ਜੋਰ ਦਬਾਉਣ ਤੇ ਉਤਾਰੂ ਹਨ ਪਰ ਉਹ ਸਰਕਾਰ ਦੇ ਡਰ ਅੱਗੇ ਨਹੀਂ ਝੁਕਣਗੇ।ਸਰਕਾਰ ਰੋਜ਼ ਹੀ ਨਵੇਂ ਨਵੇਂ ਅਤੇੇ ਅਨੋਖੇ ਹੁਕਮ ਚਾਹੜ ਰਹੀ ਹੈ,ਜਿਹਨਾਂ ਦੀ ਉਹਨਾਂ ਨੂੰ ਜਾਣਕਾਰੀ ਵੀ ਨਹੀਂ ਦਿੱਤੀ ਜਾਂਦੀ।ਉਹ ਅਜੇ ਦੁਕਾਨਾਂ ਖੋਹਲ ਰਹੇ ਹੁੰਦੇ ਹਨ ਕਿ ਸਵੇਰ ਵੇਲੇ ਪੁਲਿਸ ਨਵੇਂ ਹੁਕਮ ਲੈਕੇ ਉਹਨਾਂ ਨੂੰ ਦਬਕੇ ਮਾਰਨ ਆ ਪਹੁੰਚਦੀ ਹੈ।ਮੋਰਚੇ ਦੇ ਆਗੂਆਂ ਨੇ ਕਿਹਾ ਕਿ ਲੌਕਡਾਊਨ ਕੋਈ ਕਰੋਨਾ ਦਾ ਹੱਲ ਨਹੀਂ ਹੈ।ਦੁਕਾਨਦਾਰਾਂ ਦੇ ਧੰਦੇ ਚੌਪਟ ਹੋ ਗਏ ਹਨ ਪਰ ਬਹੁਕੌਮੀ ਕੰਪਨੀਆਂ ਦਾ ਮਾਲ ਆਨਲਾਈਨ ਵਿਕ ਰਿਹਾ ਹੈ,ਜਿਹਨਾਂ ਦੀ ਸੇਲ ਪਹਿਲਾਂ ਨਾਲੋਂ ਵੀ ਵੱਧ ਗਈ ਹੈ।ਇਹੀ ਸਰਕਾਰਾਂ ਦਾ ਅਜੰਡਾ ਹੈ।ਸਰਕਾਰ ਕਰੋਨਾ ਦੀ ਦੁਹਾਈ ਤਾਂ ਦੇ ਰਹੀ ਹੈ,ਲੋਕਾਂ ਵਿਚ ਸਹਿਮ ਪੈਦਾ ਕਰ ਰਹੀ ਹੈਪਰ ਹਸਪਤਾਲਾਂ ਵਿਚ ਵੈਕਸੀਨ ਨਹੀਂ ਹੈ,ਦਵਾਈਆਂ ਦੀ ਭਾਰੀ ਤੋਟ ਹੈ,ਆਕਸੀਜਨ ਦੀ ਕਮੀ ਮਰੀਜ਼ਾਂ ਦੀ ਜਾਨ ਲੈ ਰਹੀ ਹੈ,ਨਿੱਜੀ ਹਸਪਤਾਲ ਲੁੱਟ ਮਚਾ ਰਹੇ ਹਨ।ਆਕਸੀਜਨ ,ਦਵਾਈਆਂ ਦੀ ਬਲੈਕ ਹੋ ਰਹੀ ਹੈ ਅਜਿਹੇ ਬਲੈਕਮੇਲਰਾਂ ਉੱਤੇ ਸਰਕਾਰ ਦੀ ਕੋਈ ਸਖਤੀ ਨਹੀਂ ਹੈ।ਸਰਕਾਰ ਦਾ ਕਰੋਨਾ ਦੇ ਨਾਂਅ ਉੱਤੇ ਪਾਬੰਦੀਆਂ ਲਾਉਣ ਦਾ ਮਕਸਦ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਘੋਲ ਨੂੰ ਢਾਹ ਲਾਉਣਾ ਹੈ।ਜਿਸਦੇ ਲਈ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਸਾਂਝੀ ਯੋਜਨਾ ਉੱਤੇ ਕੰਮ ਕਰ ਰਹੀਆਂ ਹਨ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ