ਕਰਤਾਰਪੁਰ,29 ਜੁਲਾਈ – ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੂਬਾਈ ਸੱਦੇ ਦੀ ਕੜੀ ਵਜੋਂ ਮਜ਼ਦੂਰ ਮੰਗਾਂ ਸੰਬੰਧੀ ਹਲਕਾ ਵਿਧਾਇਕ ਦੇ ਦਫ਼ਤਰ ਕਾਂਗਰਸ ਭਵਨ ਵਿਖੇ ਧਰਨਾ ਦਿੱਤਾ ਗਿਆ। ਉਹਨਾਂ ਵਲੋਂ ਸਮਾਂ ਦੇ ਕੇ ਕਾਫ਼ੀ ਚਿਰ ਉਡੀਕ ਤੋਂ ਬਾਅਦ ਵੀ ਯਾਦ ਪੱਤਰ ਨਾ ਲੈਣ ਆਉਣ ਤੋਂ ਗੁੱਸੇ ਵਿੱਚ ਆਏ ਪੇਂਡੂ ਮਜ਼ਦੂਰਾਂ ਨੇ ਸ਼ਹਿਰ ਵਿੱਚ ਮੁਜ਼ਾਹਰਾ ਕਰਕੇ ਕਾਂਗਰਸ ਭਵਨ ਅੱਗੇ ਚੌਧਰੀ ਸੁਰਿੰਦਰ ਸਿੰਘ ਦਾ ਪੁਤਲਾ ਸਾੜਿਆ।ਇਸ ਮੌਕੇ ਮਜ਼ਦੂਰਾਂ ਪ੍ਰਤੀ ਐੱਮਐੱਲਏ ਦੀ ਬੇਰੁੱਖੀ ਵਿਰੁੱਧ ਯੂਨੀਅਨ ਵਲੋਂ ਚੌਧਰੀ ਸੁਰਿੰਦਰ ਸਿੰਘ ਨੂੰ ਕਾਲੇ ਝੰਡੇ ਵਿਖਾਉਣ ਦਾ ਐਲਾਨ ਕਰਦਿਆ ਧਰਨਾਕਾਰੀਆਂ ਨੇ ਮਜ਼ਦੂਰ ਮੰਗਾਂ ਸੰਬੰਧੀ ਯਾਦ ਪੱਤਰ ਕਾਂਗਰਸ ਭਵਨ ਉੱਪਰ ਲਗਾ ਕੇ ਪ੍ਰਦਰਸ਼ਨ ਖ਼ਤਮ ਕੀਤਾ। ਇਸ ਮੌਕੇ ਯੂਨੀਅਨ ਵਲੋਂ 9,10,11ਅਗਸਤ ਨੂੰ ਮੁੱਖ ਮੰਤਰੀ ਦੇ ਰਿਹਾਇਸ਼ੀ ਸ਼ਹਿਰ ਪਟਿਆਲਾ ਵਿਖੇ ਲਗਾਏ ਜਾ ਰਹੇ ਤਿੰਨ ਰੋਜ਼ਾ ਮੋਰਚੇ ਨੂੰ ਪੂਰਾ ਤਾਣ ਲਗਾ ਕੇ ਕਾਮਯਾਬ ਬਣਾਉਣ ਦਾ ਸੱਦਾ ਵੀ ਦਿੱਤਾ ਗਿਆ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਪਹਿਲੀਆਂ ਸਰਕਾਰਾਂ ਵਾਂਗ ਕਾਰਪੋਰੇਟ ਘਰਾਣਿਆਂ ਪੱਖੀ ਸਰਕਾਰ ਸਾਬਿਤ ਹੋਈ ਹੈ। ਘਰ ਘਰ ਸਰਕਾਰੀ ਨੌਕਰੀਆਂ,5-5 ਮਰਲੇ ਦੇ ਰਿਹਾਇਸ਼ੀ ਪਲਾਟ, ਕਰਜ਼ਾ ਮੁਆਫ਼ੀ ਆਦਿ ਸੰਬੰਧੀ ਚੋਣਾਂ ਵਿੱਚ ਕੀਤੇ ਵਾਅਦਿਆਂ ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਨਵਜੋਤ ਸਿੱਧੂ ਦੀ ਪ੍ਰਧਾਨਗੀ ‘ਤੇ ਤੰਜ਼ ਕੱਸਦਿਆਂ ਕਿਹਾ ਕਿ ਖਟਾਰਾ ਗੱਡੀ ਦਾ ਡਰਾਇਵਰ ਨਵਾਂ ਬਿਠਾਉਣ ਦਾ ਮਤਲਬ ਲੋਕਾਂ ਨੂੰ ਕਾਂਗਰਸ ਸਰਕਾਰ ਵਲੋਂ ਕੀਤੇ ਗਏ ਚੋਣ ਵਾਅਦੇ ਭੁੱਲੇ ਨਹੀਂ।ਇਸ ਦਾ ਹਿਸਾਬ ਕਿਤਾਬ ਲੋਕ ਜ਼ਰੂਰ ਲੈਣਗੇ।ਧਰਨਾਕਾਰੀਆਂ ਨੇ ਕਿਹਾ ਕਿ ਚੌਧਰੀ ਸੁਰਿੰਦਰ ਸਿੰਘ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਜਿੰਨੀ ਮਰਜ਼ੀ ਆਓ ਭਗਤ ਕਰੀ ਜਾਵੇ। ਵੋਟਾਂ ਸਿੱਧੂ ਨੇ ਨਹੀਂ ਪਾਉਣੀਆਂ ਹਲਕਾ ਵਾਸੀਆਂ ਨੇ ਪਾਉਣੀਆਂ। ਉਨ੍ਹਾਂ ਹਲਕਾ ਵਿਧਾਇਕ ਵਲੋਂ ਸਮਾਂ ਦੇ ਕੇ ਯਾਦ ਪੱਤਰ ਨਾ ਲੈਣ ਆਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਵੋਟਾਂ ਦੌਰਾਨ ਕੀਤੇ ਵਾਅਦਿਆਂ ਨੂੰ ਅਮਲੀ ਰੂਪ ਨਾ ਦੇਣ ਬਾਰੇ ਲੋਕ ਤੁਹਾਡੇ ਤੋਂ ਵੀ ਹਿਸਾਬ ਲੈਣਗੇ।
ਇਸ ਮੌਕੇ ਯੂਨੀਅਨ ਦੇ ਤਹਿਸੀਲ ਪ੍ਰਧਾਨ ਬਲਵਿੰਦਰ ਕੌਰ ਦਿਆਲਪੁਰ, ਬਲਬੀਰ ਸਿੰਘ ਧੀਰਪੁਰ,ਗੁਰਪ੍ਰੀਤ ਸਿੰਘ ਚੀਦਾ, ਜਸਵੀਰ ਗੋਰਾ, ਸੁਖਜਿੰਦਰ ਮੱਲੀਆਂ, ਸਰਬਜੀਤ ਕੌਰ, ਸੁਖਵਿੰਦਰ ਸਿੰਘ ਕੁੱਦੋਵਾਲ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਵੀਰ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।