ਫਗਵਾੜਾ 2 ਸਤੰਬਰ (ਸ਼ਿਵ ਕੋੜਾ) ਅੰਗਹੀਣ ਅਤੇ ਬਲਾਇੰਡ ਯੂਨੀਅਨ ਪੰਜਾਬ ਦਾ ਇਕ ਵਫਦ ਸੂਬਾ ਪ੍ਰਧਾਨ ਲਖਬੀਰ ਸਿੰਘ ਸੈਣੀ ਦੀ ਅਗਵਾਈ ਹੇਠ ਸਾਬਕਾ ਮੰਤਰੀ ਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੂੰ ਮਿਲਿਆ। ਇਸ ਦੌਰਾਨ ਲਖਬੀਰ ਸਿੰਘ ਸੈਣੀ ਨੇ ਸਾਬਕਾ ਮੰਤਰੀ ਮਾਨ ਨੂੰ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਦੇ ਨਾਂ ਇਕ ਮੰਗ ਪੱਤਰ ਵੀ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ 10 ਸਤੰਬਰ ਤੱਕ ਅੰਗਹੀਣਾਂ ਦੀ ਵਧੀ ਹੋਈ ਪੈਨਸ਼ਨ ਪੰਦਰਾਂ ਸੌ ਰੁਪਏ ਬੈਂਕ ਖਾਤਿਆਂ ‘ਚ ਪਾਈ ਜਾਵੇ ਨਹੀਂ ਤਾਂ ਅੰਦੋਲਨ ਲਈ ਮਜਬੂਰ ਹੋਣਗੇ। ਨਾਲ ਹੀ ਪਿਛਲੀਆਂ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਵਲੋਂ ਪੈਨਸ਼ਨ ਦੀ ਰਕਮ 2500 ਰੁਪਏ ਪ੍ਰਤੀ ਮਹੀਨਾ ਕਰਨ ਦਾ ਵਾਅਦ ਵੀ ਯਾਦ ਕਰਵਾਇਆ ਗਿਆ। ਮੰਗ ਪੱਤਰ ਦੇਣ ਉਪਰੰਤ ਲਖਬੀਰ ਸਿੰਘ ਸੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੁੱਖਮੰਤਰੀ ਪੰਜਾਬ ਨੇ ਅਗਸਤ ਮਹੀਨੇ ਤੋਂ ਪੈਨਸ਼ਨ ਪੰਦਰਾਂ ਸੌ ਰੁਪਏ ਕਰਨ ਦਾ ਐਲਾਨ ਕੀਤਾ ਸੀ ਪਰ ਅਗਸਤ ਦਾ ਸਾਰਾ ਮਹੀਨਾ ਗੁਜਰ ਜਾਣ ਦੇ ਬਾਵਜੂਦ ਅੰਗਹੀਣਾਂ ਦੇ ਬੈਂਕ ਖਾਤਿਆਂ ‘ਚ ਪੈਨਸ਼ਨ ਨਹੀਂ ਆਈ ਹੈ ਜਿਸ ਕਰਕੇ ਕਰੀਬ 90% ਅੰਗਹੀਣ ਜੋ ਕਿ ਆਰਥਕ ਪੱਖੋਂ ਕਾਫੀ ਕਮਜ਼ੋਰ ਹਨ, ਉਹ ਬੇਹੱਦ ਪਰੇਸ਼ਾਨ ਹੋ ਰਹੇ ਹਨ। ਇਸ ਕਰਕੇ 10 ਸਤੰਬਰ ਤੱਕ ਬੈਂਕ ਖਾਤਿਆਂ ‘ਚ ਪੈਨਸ਼ਨ ਦਾ ਭੁਗਤਾਨ ਕੀਤਾ ਜਾਵੇ ਨਹੀਂ ਤਾਂ ਸੂਬਾ ਪੱਧਰੀ ਮੁਜਾਹਰਾ ਕੀਤਾ ਜਾਵੇਗਾ। ਉਹਨਾਂ ਚਿਤਾਵਨੀ ਵੀ ਦਿੱਤੀ ਕਿ ਜੇਕਰ ਪਿਛਲੀਆਂ ਚੋਣਾਂ ਸਮੇਂ ਕੀਤੇ ਵਾਅਦੇ ਅਨੁਸਾਰ ਸੂਬਾ ਸਰਕਾਰ ਨੇ ਅੰਗਹੀਣਾਂ ਦੀ ਪੈਨਸ਼ਨ 2500 ਰੁਪਏ ਪ੍ਰਤੀ ਮਹੀਨਾ ਨਾ ਕੀਤੀ ਤਾਂ ਅਗਲੀਆਂ ਵਿਧਾਨਸਭਾ ਚੋਣਾਂ ‘ਚ ਪੰਜਾਬ ਭਰ ਦੇ ਅੰਗਹੀਣ ਆਪਣਾ ਵਿਰੋਧ ਵਿਲੱਖਣ ਢੰਗ ਨਾਲ ਜਾਹਿਰ ਕਰਨਗੇ। ਇਸ ਮੌਕੇ ਯੂਨੀਅਨ ਆਗੂ ਮੋਹਨ ਲਾਲ, ਦਵਿੰਦਰ ਕੌਰ ਤੋਂ ਇਲਾਵਾ ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਹਰਨੂਰ ਸਿੰਘ ਹਰਜੀ ਮਾਨ, ਵਰੁਣ ਬੰਗੜ, ਰਵਿੰਦਰ ਸਿੰਘ ਪੀ.ਏ ਆਦਿ ਵੀ ਹਾਜਰ ਸਨ।