ਫਗਵਾੜਾ 6 ਅਗਸਤ (ਸ਼ਿਵ ਕੋੜਾ) ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਅੱਜ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਅਤੇ ਸਪਸ਼ਟ ਤੌਰ ‘ਤੇ ਕਿਹਾ ਕਿ ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਘੋਟਾਲੇ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੇ ਬਗੈਰ ਕਾਂਗਰਸ ਦਾ ਉਭਾਰ ਸੰਭਵ ਨਹੀਂ ਹੈ। ਨਵਜੋਤ ਸਿੰਘ ਸਿੱਧੂੁ ਜੋ ਕਿ ਡੇਰਾ ਸਚਖੰਡ ਬੱਲਾਂ (ਜਲੰਧਰ) ਜਾਂਦੇ ਸਮੇਂ ਸਥਾਨਕ ਹਵੇਲੀ ਰੈਸਟੋਰੈਂਟ ਵਿਖੇ ਠਹਿਰੇ ਸਨ ਉਹਨਾਂ ਨਾਲ ਮੁਲਾਕਾਤ ਦੌਰਾਨ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵਲੋਂ ਦਲਿਤ ਵਿਦਿਆਰਥੀਆਂ ਦੀ ਭਲਾਈ ਲਈ ਲਾਗੂ ਕੀਤੀ ਗਈ ਸੀ ਪਰ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ, ਕੁਝ ਦਲਿਤ-ਵਿਰੋਧੀ ਤਾਕਤਾਂ ਨੇ ਇਸ ਸਕੀਮ ਦੀ ਦੁਰਵਰਤੋਂ ਕੀਤੀ, ਜਿਸ ਕਾਰਨ ਇਕ ਪਾਸੇ ਵਿਦਿਆਰਥੀਆਂ ਨੂੰ ਨੁਕਸਾਨ ਪਹੁੰਚਿਆ ਤਾਂ ਦੂਜੇ ਪਾਸੇ, ਇਸ ਸਕੀਮ ਅਧੀਨ ਫੰਡ ਨਾ ਆਉਣ ਕਾਰਨ ਇਸ ਸਕੀਮ ਦਾ ਮੂਲ ਸਰੂਪ ਹੀ ਵਿਗੜ ਗਿਆ। ਉਹਨਾਂ ਨੇ ਕਿਹਾ ਕਿ ਉਸ ਸਮੇਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਗਠਜੋੜ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਸੀ ਅਤੇ ਦਲਿਤਾਂ ਨੇ ਨਿਆਂ ਪ੍ਰਾਪਤ ਕਰਨ ਲਈ ਕਾਂਗਰਸ ਨੂੰ ਸੂਬੇ ਦੀ ਸੱਤਾ ਤੇ ਕਾਬਿਜ ਕੀਤਾ ਪਰ ਅਫਸੋਸ ਦੀ ਗੱਲ ਹੈ ਕਿ ਇਨਸਾਫ ਨਾ ਮਿਲਣ ਕਾਰਣ ਹੁਣ ਦਲਿਤ ਵਰਗ ਕਾਂਗਰਸ ਨੂੰ ਹੀ ਕਟਹਿਰੇ ਵਿਚ ਖੜਾ ਕਰ ਰਿਹਾ ਹੈ । ਮਾਨ ਨੇ ਕਿਹਾ ਕਿ ਦਲਿਤਾਂ ਦਾ ਗੁੱਸਾ ਬਿਲਕੁਲ ਜਾਇਜ ਹੈ ਕਿ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਘੋਟਾਲੇ ਦੇ ਦੋਸ਼ੀਆਂ ਨੂੰ ਸਜਾ ਨਹੀਂ ਮਿਲ ਰਹੀ ਅਤੇ ਕਾਂਗਰਸ ਦੇ ਆਪਣੇ ਹੀ ਕੁੱਝ ਆਗੂਆਂ ਉਪਰ ਇਸ ਮਾਮਲੇ ਵਿਚ ਸ਼ਾਮਲ ਹੋਣ ਦੇ ਦੋਸ਼ ਲੱਗ ਰਹੇ ਹਨ । ਮਾਨ ਨੇ ਕਿਹਾ ਕਿ ਜਦੋਂ ਤੱਕ ਦਲਿਤਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੇਗੀ, ਪੰਜਾਬ ਵਿਚ ਕਾਂਗਰਸ ਉਭਰ ਨਹੀਂ ਸਕੇਗੀ। ਉਹਨਾਂ ਕਿਹਾ ਕਿ ਜਿਸ ਤਰਾਂ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਦੀ ਧਾਰਨਾ ਕਾਰਨ ਕਾਂਗਰਸ ਨੂੰ ਨਮੋਸ਼ੀ ਝੱਲਣੀ ਪੈ ਰਹੀ ਹੈ ਠੀਕ ਉਸੇ ਤਰਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਮੁੱਦੇ ਤੇ ਵੀ ਅਜੇਹੀ ਧਾਰਨਾ ਦਾ ਨੁਕਸਾਨ ਹੋ ਸਕਦਾ ਹੈ। ਇਸ ਮੌਕੇ ਉਹਨਾਂ ਦੇ ਨਾਲ ਜਿਲ੍ਹਾ ਕੋਆਰਡੀਨੇਟਰ ਅਤੇ ਬਲਾਕ ਫਗਵਾੜਾ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਅਵਤਾਰ ਸਿੰਘ ਸਰਪੰਚ ਪੰਡਵਾ, ਵਰੁਣ ਬੰਗੜ, ਕਾਕਾ ਨਾਰੰਗ ਆਦਿ ਹਾਜਰ ਸਨ।