ਫਗਵਾੜਾ 18 ਜੂਨ (ਸ਼ਿਵ ਕੋੜਾ) ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਗ੍ਰਾਂਟ ਵਿਦਿਅਕ ਅਦਾਰਿਆਂ ਨੂੰ ਜਾਰੀ ਨਾ ਹੋਣ ਦੇ ਦੇ ਮੁੱਦੇ ਨੂੰ ਲੈ ਕੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੀ ਜਿਲ੍ਹਾ ਕਪੂਰਥਲਾ ਇਕਾਈ ਵਲੋਂ ਮਾਲ ਰੋਡ ਕਪੂਰਥਲਾ ਵਿਖੇ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ਤੀਸਰੇ ਦਿਨ ਵੀ ਜਾਰੀ ਰਹੀ। ਜਿਸ ਵਿਚ ਐਸ.ਸੀ. ਸੈਲ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ, ਗੁਰਪਾਲ ਸਿੰਘ ਇੰਡੀਅਨ, ਕੰਵਰ ਇਕਬਾਲ, ਸਰਕਲ ਫਗਵਾੜਾ ਦੇ ਇੰਚਾਰਜ ਜਸਵੀਰ ਕੋਕਾ, ਮਨੀਸ਼ ਜੰਡਾ, ਗੁਰਪ੍ਰੀਤ ਸਿੰਘ, ਰਾਮ ਕਿਸ਼ਨ ਭੱਟੀ ਰਿਟਾ. ਐਕਸ.ਈ.ਐਨ. ਤੋਂ ਇਲਾਵਾ ਜਿਲ੍ਹਾ ਕਪੂਰਥਲਾ ਦੀਆਂ ਚਾਰੇ ਵਿਧਾਨਸਭਾ ਸੀਟਾਂ ਫਗਵਾੜਾ, ਭੁਲੱਥ, ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ਦੇ ਆਪ ਵਲੰਟੀਅਰ ਸ਼ਾਮਲ ਹੋਏ। ਸੰਤੋਸ਼ ਗੋਗੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ 1550 ਕਰੋੜ ਰੁਪਏ ਕੈਪਟਨ ਸਰਕਾਰ ਵਲੋਂ ਜਾਰੀ ਨਹੀਂ ਕੀਤੇ ਗਏ ਅਤੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ 64 ਕਰੋੜ ਰੁਪਏ ਦੇ ਕੀਤੇ ਘੋਟਾਲੇ ਨੂੰ ਕੈਪਟਨ ਸਰਕਾਰ ਨੇ ਫਰਜੀ ਕਮੇਟੀ ਬਣਾ ਕੇ ਕੈਬਿਨੇਟ ਮੰਤਰੀ ਨੂੰ ਕਲੀਨ ਚਿੱਟ ਦੇ ਦਿੱਤੀ ਜੋ ਕਿ ਸਰਾਸਰ ਅਨਿਆ ਹੈ। ਸਕੀਮ ਅਧੀਨ ਕਵਰ ਹੁੰਦੇ ਦਲਿਤ ਵਿਦਿਆਰਥੀਆਂ ਨਾਲ ਧੱਕੇਸ਼ਾਹੀ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਸਮੂਹ ਦਲਿਤ ਸਮਾਜ ਨੂੰ ਸਚੇਤ ਕੀਤਾ ਕਿ ਉਹ ਰਵਾਇਤੀ ਪਾਰਟੀਆਂ ਦੇ ਲਾਲਚ ਤੋਂ ਬਾਹਰ ਆਉਣ ਕਿਉਂਕਿ ਇਹ ਪਾਰਟੀਆਂ ਆਟਾ-ਦਾਲ, ਪੰਜ-ਪੰਜ ਮਰਲੇ ਦੇ ਪਲਾਟ ਤੇ ਇਸ ਤਰ੍ਹਾਂ ਦੀਆਂ ਖੈਰਾਤਾਂ ਵੰਡ ਕੇ ਦਲਿਤਾਂ ਨੂੰ ਦਬਾਈ ਰੱਖਣਾ ਚਾਹੁੰਦੀਆਂ ਹਨ। ਸਕਾਲਰਸ਼ਿਪ ਗ੍ਰਾਂਟ ਜਾਰੀ ਨਾ ਕਰਨ ਦੇ ਪਿੱਛੇ ਵੀ ਇਹੋ ਮਨਸ਼ਾ ਹੈ ਕਿ ਗਰੀਬਾਂ ਦੇ ਬੱਚੇ ਉੱਚ ਸਿੱਖਿਆ ਪ੍ਰਾਪਤ ਨਾ ਕਰ ਸਕਣ ਅਤੇ ਹਮੇਸ਼ਾ ਇਹਨਾਂ ਦੇ ਗੁਲਾਮ ਬਣੇ ਰਹਿਣ ਪਰ ਆਮ ਆਦਮੀ ਪਾਰਟੀ ਇਸ ਵਿਵਸਥਾ ਨੂੰ ਹਰ ਹਾਲ ਵਿਚ ਬਦਲ ਕੇ ਰਹੇਗੀ। ਇਸ ਮੌਕੇ ਸੀਨੀਅਰ ਆਗੂ ਹਰਮੇਸ਼ ਪਾਠਕ, ਜਿਲ੍ਹਾ ਯੂਥ ਸਕੱਤਰ ਰੋਹਿਤ ਸ਼ਰਮਾ, ਗੁਰਦੀਪ ਸਿੰਘ, ਵਿੱਕੀ ਸਿੰਘ, ਗੌਰਵ ਸੰਧੀਰ, ਪਿ੍ਰੰਸ, ਸਾਹਿਲ, ਮੋਨੂ, ਕੁਲਦੀਪ ਸਿੰਘ, ਸੁਰਿੰਦਰ ਪਾਲ, ਯਸ਼ਪਾਲ ਅਜਾਦ, ਰਾਜਵਿੰਦਰ ਸਿੰਘ ਧੰਨਾ, ਪ੍ਰਦੀਪ ਕੁਮਾਰ ਆਦਿ ਹਾਜਰ ਸਨ।