ਅੰਮ੍ਰਿਤਸਰ,4 ਦਸੰਬਰ ( )- ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਆਗੂਆਂ,ਜਿਲ੍ਹਾ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਦੀ ਇੱਕ ਵਿਸ਼ੇਸ਼ ਜੂਮ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਦੀ ਅਗਵਾਈ ਹੇਠ ਹੋਈ। ਜਿਸ ‘ਚ ਹਾਜ਼ਰ ਆਗੂਆਂ ਨੇ ਪ੍ਰਮੋਸ਼ਨਾ ਦੇ ਕੰਮ ਨੂੰ ਲੈ ਕੇ ਵਿਭਾਗ ਵੱਲੋਂ ਵਿਖਾਈ ਜਾ ਰਹੀ ਵੱਡੀ ਢਿੱਲ ਦੇ ਰੋਸ ਵਜੋਂ ਫ਼ੈਸਲਾ ਕੀਤਾ ਕਿ 11 ਦਸੰਬਰ ਨੂੰ ਸਿੱਖਿਆ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ਜਦ ਕਿ ਉਸ ਤੋਂ ਪਹਿਲਾਂ 7 ਦਸੰਬਰ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਸਿੱਖਿਆ ਮੰਤਰੀ ਦੇ ਪੁਤਲੇ ਵੀ ਫੂਕੇ ਜਾਣਗੇ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜਥੇਬੰਦੀ ਦੇ ਪ੍ਰਮੁੱਖ ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਦੱਸਿਆ ਕਿ ਪ੍ਰਮੋਸ਼ਨਾਂ ਦੇ ਕੰਮ ਨੂੰ ਲੈ ਕੇ ਵਿਭਾਗ ਵੱਲੋਂ ਵਿਖਾਈ ਜਾ ਰਹੀ ਵੱਡੀ ਢਿੱਲ ਦਾ ਸਮੁੱਚੇ ਅਧਿਆਪਕ ਵਰਗ ‘ਚ ਵੱਡਾ ਰੋਸ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਪੰਜਾਂ ਸਾਲਾਂ ਬਾਅਦ ਕੀਤੀਆ ਜਾ ਰਹੀਆ ਪ੍ਰਮੋਸ਼ਨਾ ਦੀਆਂ ਜਿਲ੍ਹਾ ਸਿੱਖਿਆ ਅਫਸਰਾਂ ਵੱਲੋ ਬਣਾਈਆ ਤਜਵੀਜਾਂ ਕਈ ਦਿਨਾ ਤੋਂ ਡੀ.ਪੀ.ਆਈ. ਦਫਤਰ ਮੋਹਾਲੀ ਨੂੰ ਭੇਜੀਆਂ ਜਾ ਚੁੱਕੀਆਂ ਹਨ ਪਰ ਮੋਹਾਲੀ ਦਫਤਰ ਵਲੋਂ ਵਾਰ-ਵਾਰ ਭਰੋਸੇ ਦੇ ਕੇ ਡੰਗ ਟਪਾਇਆ ਜਾ ਰਿਹਾ ਹੈ। ਜਿਸ ਕਾਰਨ ਪ੍ਰਮੋਟ ਹੋਣ ਵਾਲੇ ਅਧਿਆਪਕਾਂ ਨੂੰ ਮਹਿਸੂਸ ਹੋ ਰਿਹਾ ਜਿਵੇਂ ਪ੍ਰਮੋਸ਼ਨਾ ਨੂੰ ਜਾਣ ਬੁੱਝਕੇ ਚੋਣ ਜਾਬਤੇ ਦੀ ਭੇਟ ਚੜਾਉਣ ਦਾ ਮਨ ਬਣਾਇਆ ਜਾ ਰਿਹਾ ਹੈ ,ਜੋ ਅਤਿ ਨਿੰਦਣਯੋਗ ਹੈ । ਉਨ੍ਹਾਂ ਕਿਹਾ ਕਿ ਜੇਕਰ ਪਹਿਲੇ ਪੜਾਅ ਦੀਆਂ ਲਿਸਟਾਂ ਨੂੰ ਇੰਨਾ ਸਮਾਂ ਲੱਗ ਰਿਹਾ ਹੈ ਤਾਂ ਦੂਸਰੇ ਪੜਾਅ ਦੀਆਂ ਪ੍ਰਮੋਸ਼ਨਾ ਕਦੋਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਸੇ ਰੋਸ ‘ਚ ਜਥੇਬੰਦੀ ਵੱਲੋਂ 7 ਦਸੰਬਰ ਨੂੰ ਪੰਜਾਬ ਭਰ ‘ਚ ਸਿੱਖਿਆ ਮੰਤਰੀ ਦੇ ਪੁਤਲੇ ਫੂਕੇ ਜਾਣਗੇ ਪੁਤਲੇ ਅਤੇ ਜੇਕਰ ਫ਼ਿਰ ਵੀ ਸੋਮਵਾਰ ਤੱਕ ਪ੍ਰਮੋਸ਼ਨਾ ਦੀਆਂ ਲਿਸਟਾਂ ਜਾਰੀ ਨਾ ਹੋਈਆਂ ਤਾਂ 11 ਦਸੰਬਰ ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ ਮੂਹਰੇ ਰੋਸ ਧਰਨਾ ਦੇ ਕੇ ਘਿਰਾਉ ਕੀਤਾ ਜਾਵੇਗਾ। ਪੰਜਾਬ ਭਰ ਦੇ ਪ੍ਰਾਇਮਰੀ /ਐਲੀਮੈਂਟਰੀ ਵਰਗ ਨੂੰ ਸਮਰਥਨ ਦੀ ਅਪੀਲ ਕੀਤੀ ਹੈ।
ਇਸ ਦੌਰਾਨ ਐਲੀਮੈਂਟਰੀ ਟੀਚਰਜ਼ ਯੂਨੀਅਨ ਰਜਿ. ਦੇ ਆਗੂ ਵੱਡੀ ਗਿਣਤੀ ‘ਚਮੌਜੂਦ ਸਨ।