ਅੰਮ੍ਰਿਤਸਰ,14 ਸਤੰਬਰ ( )- ਜਿਲ੍ਹਾ ਸਿੱਖਿਆ ਦਫਤਰ ਅੰਮ੍ਰਿਤਸਰ ਦੀ ਵੱਡੀ ਲਾਪਰਵਾਹੀ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਲੰਮੇ ਸਮੇਂ ਤੋਂ ਹੈੱਡਟੀਚਰ /ਸੈੰਟਰ ਹੈੱਡਟੀਚਰ ਪ੍ਰਮੋਸ਼ਨਾਂ ਨਾ ਹੋਣ ਦੇ ਰੋਸ ਕਾਰਨ ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ ‘ਚ ਅੱਜ ਬਲਾਕ ਮਜੀਠਾ-2 ਵਲੋਂ ਅੱਜ 20 ਵੇਂ ਦਿਨ ਭੁੱਖ ਹੜਤਾਲ ਤੇ ਬੈਠੇ ਰਾਜਬੀਰ ਸਿੰਘ ਵੇਰਕਾ,ਕੰਵਲਜੀਤ ਸਿੰਘ ਥਿੰਦ, ਬਲਾਵਰ ਸਿੰਘ, ਸੁਖਪਾਲ ਸਿੰਘ, ਇੰਦਰਜੀਤ ਸਿੰਘ, ਗੁਰਦਰਸ਼ਨ ਸਿੰਘ, ਜਤਿੰਦਰ ਸਿੰਘ,ਵਰਿੰਦਰ ਸਿੰਘ,ਕਰਮਜੀਤ ਸਿੰਘ ਰਜਿੰਦਰ ਕੁਮਾਰ,ਕ੍ਰਿਪਾਲ ਸਿੰਘ, ਚਮਕੌਰ ਸਿੰਘ ਤੇ ਹਰਮਨਜੀਤ ਸਿੰਘ ਆਦਿ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਦਫ਼ਤਰੀ ਅਮਲੇ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਸੰਬੋਧਨ ਕਰਦਿਆਂ ਅਧਿਆਪਕ ਆਗੂ ਰਾਜਬੀਰ ਸਿੰਘ ਵੇਰਕਾ ਤੇ ਨਵਦੀਪ ਸਿੰਘ ਨੇ ਜਿਲ੍ਹਾ ਸਿੱਖਿਆ ਅਧਿਕਾਰੀ ਵਲੋਂ ਜਾਣ ਬੁੱਝ ਕੇ ਪ੍ਰਮੋਸ਼ਨਾਂ ਕਰਨ ਲਈ ਅਪਣਾਏ ਜਾ ਰਹੇ ਬਹੁਤ ਹੀ ਢਿੱਲੇ ਵਤੀਰੇ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਕੋਲੋਂ ਇਸ ਮਸਲੇ ‘ਚ ਤੁਰੰਤ ਦਖ਼ਲ ਦੇ ਕੇ ਜਿੱਥੇ ਜਲਦ ਤੋਂ ਜਲਦ ਪ੍ਰਮੋਸ਼ਨਾਂ ਕਰਾਉਣ ਦੀ ਮੰਗ ਕੀਤੀ ਉੱਥੇ ਹੀ ਹਨ ਇਸ ਦੇ ਨਾਲ ਹੀ ਇਨ੍ਹਾਂ ਪ੍ਰਮੋਸ਼ਨਾਂ ਨੂੰ ਜਾਣ ਬੁੱਝ ਲੇਟ ਕਰਨ ਵਾਲੇ ਜਿੰਮੇਵਾਰ ਅਧਿਕਾਰੀ ਤੇ ਕਰਮਚਾਰੀ ਨੂੰ ਮੁਅੱਤਲ ਕਰਨ ਦੀ ਮੰਗ ਵੀ ਕੀਤੀ । ਉਹਨਾਂ ਕਿਹਾ ਕਿ ਐਲੀਮੈਂਟਰੀ ਅਧਿਆਪਕਾ ਨੂੰ ਵਿਭਾਗ ਤੁਰੰਤ ਬਣਦਾ ਇਨਸਾਫ ਦੇਵੇ ਨਹੀ ਤਾਂ ਇਸ ਦੇ ਭਿਆਨਕ ਸਿੱਟੇ ਨਿਕਲਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਐਲੀਮੈਂਟਰੀ ਟੀਚਰਜ ਯੂਨੀਅਨ ਅੰਮ੍ਰਿਤਸਰ (ਰਜਿ.) ਵਲੋਂ ਆਉਣ ਵਾਲੇ ਦਿਨਾਂ ‘ਚ ਹੋਰ ਤਿੱਖਾ ਸੰਘਰਸ਼ ਉਲੀਕਿਆ ਜਾ ਰਿਹਾ ਹੈ ਜਿਸ ਵਿਚ ਵੱਡੀ ਗਿਣਤੀ ਵਿੱਚ ਐਲੀਮੈਂਟਰੀ ਅਧਿਆਪਕ ਸ਼ਮੂਲੀਅਤ ਕਰਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਦਫ਼ਤਰੀ ਅਮਲੇ ਨੂੰ ਭਾਜੜਾਂ ਪਾ ਦੇਣਗੇ।