ਜਲੰਧਰ 20 ਮਈ 2021
11 ਸਾਲਾ ਮ੍ਰਿਤਕ ਲੜਕੀ ਜਿਸ ਦੇ ਮ੍ਰਿਤਕ ਸਰੀਰ ਨੂੰ ਉਸ ਦੇ ਪਿਤਾ ਵਲੋਂ ਚੁੱਕ ਕੇ ਸਸਕਾਰ ਸਬੰਧੀ ਅੰਤਿਮ ਰਸਮਾ ਨਿਭਾਉਣ ਲਈ ਲਿਆਂਦਾ ਗਿਆ ਵੱਲ ਸਹਾਇਤਾ ਦਾ ਹੱਥ ਵਧਾਉਂਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵਲੋਂ ਪੀੜਤ ਪਰਿਵਾਰ ਨੂੰ 50000 ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਵੇਖਣ ਵਿੱਚ ਆਇਆ ਸੀ ਕਿ ਪਰਿਵਾਰ ਦੀ ਵਿੱਤੀ ਹਾਲਤ ਬਹੁਤ ਨਾਜ਼ੁਕ ਸੀ ਅਤੇ ਉਨਾ ਨੂੰ ਤੁਰੰਤ ਸਹਾਇਤਾ ਦੀ ਲੋੜ ਹੈ। ਇਸ ਦੇ ਮੱਦੇ ਨਜ਼ਰ ਪਰਿਵਾਰ ਦੀ ਸਥਿਤੀ ਨੂੰ ਦੇਖਦਿਆਂ ਅਤੇ ਦੁੱਖੀ ਪਰਿਵਾਰ ਨੂੰ ਸੰਕਟ ਦੀ ਘੜੀ ਵਿਚੋਂ ਬਾਹਰ ਕੱਢਣ ਲਈ ਮ੍ਰਿਤਕ ਲੜਕੀ ਦੇ ਪਿਤਾ ਦਲੀਪ ਕੁਮਾਰ ਵਾਸੀ ਰਾਮ ਨਗਰ ਨੂੰ 50000 ਰੁਪਏ ਦਾ ਚੈਕ ਸੌਂਪਿਆ ਗਿਆ।
ਡਿਪਟੀ ਕਮਿਸ਼ਨਰ ਨੇ ਸਿਹਤ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਕਿ ਕੋਵਿਡ ਦੇ ਨਾਲ ਮੌਤ ਹੋਣ ’ਤੇ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਸਸਕਾਰ ਵਿੱਚ ਮਦਦ ਕੀਤੀ ਜਾਵੇ ਜੋ ਕਿ ਵਿੱਤੀ ਹਾਲਤ ਠੀਕ ਨਾ ਹੋਣ ਕਰਕੇ ਸਸਕਾਰ ਸਬੰਧੀ ਅੰਤਿਮ ਰਸਮਾਂ ਨਿਭਾਉਣ ਤੋਂ ਅਸਮਰਥ ਹਨ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋੜਵੰਦ ਪਰਿਵਾਰਾਂ ਦੀ ਸਸਕਾਰ ਵਿੱਚ ਮਦਦ ਕਰਨ ਉਪਰੰਤ ਬਿੱਲ ਵੈਰੀਫਾਈ ਕਰਕੇ ਉਨਾਂ ਦੇ ਦਫ਼ਤਰ ਭੇਜਿਆ ਜਾਵੇ ਕਿਉਂਕਿ ਪ੍ਰਸ਼ਾਸਨ ਵਲੋਂ ਇਹ ਸਾਰਾ ਖ਼ਰਚਾ ਸਹਿਣ ਕੀਤਾ ਜਾਵੇਗਾ।
ਥੋਰੀ ਨੇ ਦੁਹਰਾਇਆ ਕਿ ਪ੍ਰਸ਼ਾਸਨ ਇਸ ਸਿਹਤ ਸੰਕਟ ਦੌਰਾਨ ਜ਼ਿਲ੍ਹਾ ਵਾਸੀਆਂ ਦੀ ਹਰ ਸੰਭਵ ਸਹਾਇਤਾ ਲਈ ਵਚਨਬੱਧ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਕਰਕੇ ਮੌਤ ਹੋਣ ’ਤੇ ਸਸਕਾਰ ਵਿਚ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 0181-2224417 ਅਤੇ 0181-2224848 ’ਤੇ ਸੰਪਰਕ ਕੀਤਾ ਜਾ ਸਕਦਾ ਹੈ।