ਜਲੰਧਰ, 1 ਦਸੰਬਰ
ਕੋਵਿਡ -19 ਵੈਕਸੀਨ ਦੀ ਵੰਡ ਸਬੰਧੀ ਪ੍ਰਭਾਵਸ਼ਾਲੀ ਰਣਨੀਤੀ ਯਕੀਨੀ ਕਰਨ ਅਤੇ ਜ਼ਿਲ੍ਹੇ ਦੇ ਸਮੁੱਚੇ ਫਰੰਟਲਾਈਨ ਸਿਹਤ ਵਰਕਰਾਂ ਨੂੰ, ਜਦੋਂ ਵੈਕਸੀਨ ਤਿਆਰ ਹੋ ਜਾਵੇਗੀ, ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਆਪਕ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ।
ਯੋਜਨਾ ਤਿਆਰ ਕਰਨ ਅਤੇ ਓਪਰੇਸ਼ਨਾਂ ਦੀ ਨਿਗਰਾਨੀ ਕਰਨ ਲਈ ਬਣਾਈ ਗਈ ਟਾਸਕ ਫੋਰਸ ਦੇ ਨਾਲ ਸਿਹਤ ਅਧਿਕਾਰੀਆਂ ਅਤੇ ਆਈਐਮਏ ਦੇ ਅਧਿਕਾਰੀਆਂ ਦੀ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ, ਜੋ ਕਿ ਲੈਵਲ-3 ਹਸਪਤਾਲਾਂ ਦੇ ਇੰਚਾਰਜ ਵੀ ਹਨ, ਨੇ ਕਿਹਾ ਕਿ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਵੈਕਸੀਨ ਦੀ ਪਹਿਲੀ ਖੁਰਾਕ ਡਾਕਟਰਾਂ, ਨਰਸਿੰਗ ਅਤੇ ਲੈਬ ਸਟਾਫ, ਵਾਰਡ ਅਟੈਂਡੈਂਟ ਅਤੇ ਆਂਗਣਵਾੜੀ ਵਰਕਰਾਂ ਸਮੇਤ ਸਮੁੱਚੇ ਫਰੰਟਲਾਈਨ ਸਿਹਤ ਵਰਕਰਾਂ ਤੇ ਹੈਲਪਰਾਂ ਨੂੰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਪਾਸ ਸਮੁੱਚੀਆਂ ਸਰਕਾਰੀ ਸਿਹਤ ਸੰਸਥਾਵਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ 3906 ਹੈਲਥ ਕੇਅਰ ਵਰਕਰ ਹਨ।ਸਾਰੰਗਲ ਨੇ ਕਿਹਾ ਕਿ ਰਿਕਾਰਡ ਅਨੁਸਾਰ ਜਲੰਧਰ ਸ਼ਹਿਰ ਦੇ ਅਧਿਕਾਰ ਖੇਤਰ ਵਿੱਚ 156 ਪ੍ਰਾਈਵੇਟ ਸਿਹਤ ਸੰਸਥਾਵਾਂ ਹਨ ਅਤੇ ਇਨ੍ਹਾਂ ਹਸਪਤਾਲਾਂ ਵਿੱਚ ਵੱਡੀ ਗਿਣਤੀ ਵਿੱਚ ਕਰਮਚਾਰੀ ਹਨ। ਇਸ ਤੋਂ ਇਲਾਵਾ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਪ੍ਰਾਈਵੇਟ ਕਲੀਨਿਕ/ਨਰਸਿੰਗ ਹੋਮ ਵੀ ਹਨ।ਉਨ੍ਹਾਂ ਸਮੂਹ ਹਸਪਤਾਲਾਂ/ਪ੍ਰਾਈਵੇਟ ਕਲੀਨਿਕਾਂ/ਨਰਸਿੰਗ ਹੋਮਜ਼ ਨੂੰ ਆਪਣੀਆਂ ਸੰਸਥਾਵਾਂ ਵਿਚ ਕੰਮ ਕਰਦੇ ਸਿਹਤ ਅਮਲੇ ਸਬੰਧੀ ਅੰਕੜੇ 2 ਦਸੰਬਰ ਸ਼ਾਮ ਤੱਕ ਜਮ੍ਹਾ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਸਿਹਤ ਵਿਭਾਗ ਨੂੰ ਜਲੰਧਰ ਵਿੱਚ ਵੈਕਸੀਨ ਦੇ ਭੰਡਾਰਨ ਲਈ ਲੋੜੀਂਦੇ ਬੁਨਿਆਦੀ ਢਾਂਚੇ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕੀਤੀ ।ਏਡੀਸੀ ਨੇ ਅੱਗੇ ਸਮੁੱਚੇ ਸਬ-ਡਵੀਜ਼ਨਲ ਮੈਜਿਸਟਰੇਟਾਂ (ਐਸਡੀਐਮਜ਼) ਅਤੇ ਸੀਨੀਅਰ ਮੈਡੀਕਲ ਅਫਸਰਾਂ (ਐਸਐਮਓਜ਼) ਨੂੰ ਕਿਹਾ ਕਿ ਉਹ ਆਪਣੇ ਖੇਤਰਾਂ ਵਿੱਚ ਪੈਂਦੇ ਪ੍ਰਾਈਵੇਟ ਹਸਪਤਾਲਾਂ/ਨਰਸਿੰਗ ਹੋਮਜ਼/ ਕਲੀਨਿਕਾਂ ਵਿਚਲੇ ਹੈਲਥ ਕੇਅਰ ਵਰਕਰਾਂ ਦਾ ਅੰਕੜਾ ਬੁੱਧਵਾਰ ਸ਼ਾਮ ਤੱਕ ਲਾਜ਼ਮੀ ਪਹੁੰਚਣਾ ਯਕੀਨੀ ਬਣਾਉਣ।ਉਨ੍ਹਾਂ ਆਈਐਮਏ ਅਤੇ ਹੋਰ ਐਸੋਸੀਏਸ਼ਨਾਂ ਤੋਂ ਸਮਰਥਨ ਦੀ ਮੰਗ ਕੀਤੀ ਤਾਂ ਜੋ ਸਮੁੱਚਾ ਅੰਕੜਾ ਸਮੇਂ ਸਿਰ ਰਾਜ ਸਰਕਾਰ ਨੂੰ ਭੇਜਿਆ ਜਾ ਸਕੇ।ਡਾਕਟਰਾਂ/ਨਰਸਿੰਗ ਅਤੇ ਲੈਬ ਸਟਾਫ/ਵਾਰਡ ਅਟੈਂਡੈਂਟਾਂ/ਹੋਰ ਸਿਹਤ ਵਰਕਰਾਂ ਨੂੰ ‘ਵਰਦੀ ਤੋਂ ਬਿਨਾਂ ਸਿਪਾਹੀ’ ਬੁਲਾਉਂਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਪਿਛਲੇ 8 ਮਹੀਨਿਆਂ ਤੋਂ ਮਹਾਂਮਾਰੀ ਨਾਲ ਲੜ ਰਹੇ ਫਰੰਟਲਾਈਨ ਵਰਕਰਾਂ ਦੇ ਟੀਕਾਕਰਨ ਨੂੰ ਪਹਿਲ ਦੇਣ ਨੂੰ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗਾ। ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ, ਡੀਐਮਸੀ ਡਾ. ਜੋਤੀ ਸ਼ਰਮਾ ਅਤੇ ਹੋਰ ਮੌਜੂਦ ਸਨ।