
ਜਲੰਧਰ:ਜਲੰਧਰ ਡੀ ਏ ਵੀ ਕਾਲਜ ਦੇ ਨਜ਼ਦੀਕ ਪੈਂਦੇ ਕਬੀਰ ਨਗਰ ´ਚ ਪ੍ਰਸਿੱਧ ਟੇਲਰ ਦਾ ਚੇਲਾ ਹੀ ਮਾਲਕ ਦਾ ਲੂਣ ਹਰਾਮ ਕਰਕੇ ਮਾਲਕ ਦੇ ਘਰੋਂ ਚੋਰੀ ਕਰਕੇ ਫ਼ਰਾਰ ਹੋ ਗਿਆ। ਪ੍ਰਸਿੱਧ ਟੇਲਰ ਅਜੀਤ ਸਿੰਘ ਬੱਟੂ ਨੇ ਦਸਿਆ ਕਿ ਉਸ ਨੇ ਆਪਣੇ ਪੁੱਤਰਾਂ ਵਾਂਗ ਆਪਣੇ ਚੇਲੇ ਰੋਹਿਤ ਨੂੰ ਪਾਲ ਕੇ ਆਪਣੇ ਬਰਾਬਰ ਕੰਮ ਸਿਖਆਇਆ।ਤੇ ਉਸਨੂੰ ਰਹਿਣ ਲਈ ਆਪਣੇ ਖਰਚੇ ´ਚੋਂ ਤਿੰਨ ਮਰਲੇ ਦਾ ਪਲਾਟ ਵੀ ਲੈ ਕੇ ਦਿੱਤਾ ਅਤੇ ਉਸ ਦੇ ਨਾਲ ਹੀ ਆਪਣੇ ਅਸਲੀ ਪੁੱਤਰ ਨੂੰ ਪਲਾਟ ਲੈ ਕੇ ਦਿੱਤਾ ਅਤੇ ਦੋਵਾਂ ਨੂੰ ਇੱਕੋ ਹੀ ਜਗ੍ਹਾ ਤੇ ਮਕਾਨ ਦੀ ਉਸਾਰੀ ਕਰਕੇ ਦਿੱਤੀ ਸੀ।ਜਿਸ ਵਿੱਚ ਰੋਹਿਤ ਹੇਠਾਂ ਵਾਲੇ ਮਕਾਨ ਵਿੱਚ ਰਹਿ ਰਿਹਾ ਸੀ ਜਦਕਿ ਉੱਪਰ ਵਾਲੇ ਮਕਾਨ ਵਿੱਚ ਉਨ੍ਹਾਂ ਨੇ ਗੁਦਾਮ ਬਣਾਇਆ ਹੋਇਆ ਸੀ ਅਤੇ ਉਨ੍ਹਾਂ ਕੋਲ ਕੰਮ ਕਰਦਾ ਇੱਕ ਹੋਰ ਵਿਅਕਤੀ ਉੱਥੇ ਰਹਿ ਰਿਹਾ ਸੀ। ਤੇ ਪਿਛਲੇ ਦਿਨੀਂ ਉੱਪਰ ਵਾਲੇ ਮਕਾਨ ਵਿੱਚ ਰਹਿ ਰਿਹਾ ਵਿਅਕਤੀ ਛੁੱਟੀ ਤੇ ਆਪਣੇ ਘਰ ਚਲਾ ਗਿਆ ਤਾਂ ਪਿਛਲੇ ਦੋ ਦਿਨ ਪਹਿਲਾਂ ਰੋਹਿਤ ਨੇ ਅਦਾਲਤ ਵਿੱਚੋਂ ਝੂਠੇ ਕਾਗਜ਼ ਬਣਵਾ ਕੇ ਉਪਰ ਵਾਲੇ ਮਕਾਨ ਵਿੱਚ ਕਬਜ਼ਾ ਕਰਕੇ ਉੱਪਰ ਵਾਲੇ ਮਕਾਨ ਵਿੱਚ ਪਿਆ ਹੋਇਆ ਤਕਰੀਬਨ ਪੰਜ ਲੱਖ ਰੁਪਏ ਦਾ ਕੱਪੜਾ,ਐੱਲ ਸੀ ਡੀ, ਮਾਈਕ੍ਰੋਵੇਵ ਓਵਨ, ਦੋ ਗੈਸ ਸਿਲੰਡਰ, ਗੈਸ ਚੁੱਲਾ, ਫਰਿੱਜ ਅਤੇ ਹੋਰ ਸਮਾਨ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਉਸ ਕਮਰੇ ਵਿੱਚ ਰਹਿ ਰਹੇ ਵਿਅਕਤੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਆਪਣੇ ਕਮਰੇ ਵਿੱਚ ਆਪਣੀ ਪਤਨੀ ਦੇ ਸੋਨੇ ਦੇ ਗਹਿਣੇ ਵੀ ਰੱਖੇ ਹੋਏ ਸਨ।ਜਿਨ੍ਹਾਂ ਦੀ ਚੋਰੀ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ।ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਨੂੰ ਚੋਰੀ ਬਾਰੇ ਰਾਤ ਪਤਾ ਲੱਗਾ ਤਾਂ ਉਨ੍ਹਾਂ ਨੇ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਤੇ ਮੌਕੇ ਪੁਜੀ ਪੁਲਿਸ ਵੱਲੋਂ ਇਸ ਮਾਮਲੇ ਨੂੰ ਠੰਢੇ ਬਸਤੇ ਵਿੱਚ ਪਾਉਣ ਤੇ ਰੋਹਿਤ ਮੌਕਾ ਤਾੜ ਕੇ ਫਰਾਰ ਹੋ ਗਿਆ।ਉਨਾਂ ਦੱਸਿਆ ਕਿ ਉਨ੍ਹਾਂ ਵਲੋਂ ਪੁਲਿਸ ਨੂੰ ਵਾਰ ਵਾਰ ਕਹਿਣ ਉਪਰੰਤ ਹੀ ਪੁਲਿਸ ਨੇ ਰੋਹਿਤ ਖ਼ਿਲਾਫ਼ ਕੇਸ ਦਰਜ ਕੀਤਾ। ਥਾਣਾ ਡਵੀਜ਼ਨ 1 ਦੇ ਥਾਣੇਦਾਰ ਨਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਰੋਹਿਤ ਦੀ ਭਾਲ ਕੀਤੀ ਜਾ ਰਹੀ ਹੈ।