ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਿਖੇ ਪ੍ਰਸਿੱਧ ਪਰਵਾਸੀ
ਸ਼ਾਇਰ ਤੇ ਚਿੰਤਕ ਚਰਨ ਸਿੰਘ ਦਾ ਰੂ-ਬ-ਰੂ ਅਤੇ ਉਨ੍ਹਾਂ ਦੇ ਕਾਵਿ ਨਾਲ ਸੰਬੰਧਤ ਆਲੋਚਨਾਤਮਕ
ਪੁਸਤਕ ‘ਚਰਨ ਸਿੰਘ ਕਾਵਿ: ਦ੍ਰਿਸ਼ਟੀ ਅਤੇ ਪਾਸਾਰ’ ਦਾ ਰਿਲੀਜ਼ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਗਮ
ਵਿੱਚ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਡਾ. ਗੋਪਾਲ ਸਿੰਘ ਬੁੱਟਰ ਮੁੱਖੀ ਪੰਜਾਬੀ ਵਿਭਾਗ ਨੇ
ਸ਼ਾਇਰ ਚਰਨ ਸਿੰਘ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਵਿਭਾਗ ਦੇ ਅਧਿਆਪਕ ਪ੍ਰੋ.
ਸੋਨੂੰ ਸਮਰਾਏ ਦੁਆਰਾ ਸੰਪਾਦਤ ਪੁਸਤਕ ਦੇ ਰਿਲੀਜ਼ ਸਮਾਰੋਹ ਵਿੱਚ ਸ. ਜਸਪਾਲ ਸਿੰਘ ਵੜੈਚ ਸੰਯੁਕਤ
ਸਕੱਤਰ ਗਵਰਨਿੰਗ ਕੌਂਸਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਪ੍ਰਿੰਸੀਪਲ ਡਾ. ਸਮਰਾ ਨੇ ਸੰਬੋਧਨ
ਕਰਦਿਆਂ ਕਿਹਾ ਕਿ ਸਾਨੂੰ ਇਸ ਗੱਲ ਦੀ ਅਥਾਹ ਖੁਸ਼ੀ ਹੈ ਕਿ ਸਾਡੇ ਕਾਲਜ ਦੇ ਪੁਰਾਣੇ ਵਿਦਿਆਰਥੀ ਸ. ਚਰਨ
ਸਿੰਘ ਕਨੇਡਾ ਵਿੱਚ ਰਹਿੰਦੇ ਹੋਏ ਪੰਜਾਬ, ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਹਨ।
ਅੱਜ ਕਾਲਜ ਵਿੱਚ ਉਹਨਾਂ ਦੀ ਕਵਿਤਾ ’ਤੇ ਅਧਾਰਤ ਸੰਪਾਦਤ ਪੁਸਤਕ, ਰਿਲੀਜ਼ ਕਰਕੇ ਮਾਣ ਮਹਿਸੂਸ ਕਰ ਰਹੇ ਹਾਂ।
ਉਹਨਾਂ ਕਿਹਾ ਕਿ ਕਾਲਜ ਦਾ ਪੰਜਾਬੀ ਵਿਭਾਗ ਇਸ ਸਮਾਗਮ ਲਈ ਵਧਾਈ ਦਾ ਹੱਕਦਾਰ ਹੈ। ਡਾ. ਗੋਪਾਲ
ਸਿੰਘ ਬੁੱਟਰ ਨੇ ਚਰਨ ਸਿੰਘ ਦੀ ਸ਼ਖਸੀਅਤ ਅਤੇ ਕਵਿਤਾ ਬਾਰੇ ਬੋਲਦਿਆਂ ਕਿਹਾ ਕਿ ਉਹ ਇੱਕ ਰਹੱਸਵਾਦੀ,
ਰਹੱਸ ਅਨੁਭਵੀ ਅਤੇ ਅਧਿਆਤਮਵਾਦੀ ਕਵੀ ਹੋਣ ਦੇ ਨਾਲ-ਨਾਲ ਅਜੋਕੇ ਮਨੁੱਖ ਦੀ ਖੰਡਿਤ ਜ਼ਿੰਦਗੀ ਅਤੇ
ਉਸ ਦਾ ਸਨਮਾਨ ਦਰਸਾਉਣ ਵਾਲੇ ਸ਼ਾਇਰ ਹਨ। ਉਹਨਾਂ ਇਸ ਮੌਕੇ ਚਰਨ ਸਿੰਘ ਦੀ ਕਵਿਤਾ ਸੰਬੰਧੀ
ਸੰਪਾਦਤ ਪੁਸਤਕ ਸੰਬੰਧੀ ਵੀ ਵਿਚਾਰ ਪ੍ਰਗਟ ਕੀਤੇ। ਸ਼ਾਇਰ ਚਰਨ ਸਿੰਘ ਵਲੋਂ ਪਰਵਾਸੀ ਜੀਵਨ ਦੇ ਆਪਣੇ
ਅਨੁਭਵ ਅਤੇ ਆਪਣੀ ਸਾਹਿਤ ਸਿਰਜਣ ਅਨੁਭਵ ਸਾਂਝੇ ਕੀਤੇ ਅਤੇ ਆਪਣੀਆਂ ਨਵੀਆਂ ਕਵਿਤਾਵਾਂ ਵੀ
ਵਿਦਿਆਰਥੀਆਂ ਨੂੰ ਸੁਣਾਈਆਂ। ਪ੍ਰੋ. ਸੋਨੂੰ ਸਮਰਾਏ ਨੇ ਸੰਪਾਦਤ ਪੁਸਤਕ ‘ਚਰਨ ਸਿੰਘ ਕਾਵਿ-
ਦ੍ਰਿਸ਼ਟੀ: ਅਤੇ ਪਾਸਾਰ’ ਦੇ ਸੰਪਾਦਨ ਸੰਬੰਧੀ ਆਪਣੇ ਵਿਚਾਰ ਪ੍ਰਸਤੁਤ ਕੀਤੇ। ਵਿਚਾਰ ਚਰਚਾ ਦੌਰਾਨ
ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਚਰਨ ਸਿੰਘ ਨਾਲ ਕਵਿਤਾ ਅਤੇ ਸਾਹਿਤ ਸੰਬੰਧੀ
ਸੰਵਾਦ ਰਚਾਉਂਦਿਆਂ ਸਵਾਲ ਪੁੱਛੇ ਜਿਨਾਂ ਦੇ ਕਵੀ ਦੁਆਰਾ ਬੜੀ ਸਹਿਜਤਾ ਤੇ ਵਿਦਵਤਾ ਸਹਿਤ ਜਵਾਬ
ਦਿੱਤੇ ਗਏ। ਸਮਾਗਮ ਦੌਰਾਨ ਡਾ. ਗੋਪਾਲ ਸਿੰਘ ਬੁੱਟਰ, ਡਾ. ਸੁਰਿੰਦਰ ਮੰਡ ਅਤੇ ਪ੍ਰੋ. ਸਲਿੰਦਰ ਸਿੰਘ
ਦੁਆਰਾ ਸ਼ੇਅਰ ਅਤੇ ਕਵਿਤਾਵਾਂ ਵੀ ਪੜ੍ਹੇ ਗਏ। ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਹਰਜਿੰਦਰ ਸਿੰਘ
ਸੇਖੋਂ, ਡਾ. ਸੁਖਦੇਵ ਸਿੰਘ ਨਾਗਰਾ, ਪ੍ਰੌ. ਕੁਲਦੀਪ ਸੋਢੀ, ਡਾ. ਸੁਖਵਿੰਦਰ ਸਿੰਘ, ਪ੍ਰੋ. ਗੁਰਬੀਰ
ਸਿੰਘ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਅਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ
ਸਨ।