ਪ੍ਰਿੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਗੁਰਪਿੰਦਰ ਸਿੰਘ ਸਮਰਾ ਦੀ ਪ੍ਰਧਾਨਗੀ ਵਿੱਚ ਪ੍ਰਿੰਸੀਪਲ ਐਸੋਸੀਏਸ਼ਨ ਦੀ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਐਸੋਸੀਏਸ਼ਨ ਵਲੋਂ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜੇਸ਼ਨਜ਼ ਦੁਆਰਾ 3 ਸਤੰਬਰ 2021 ਨੂੰ ਕੰਮ ਛੋੜ ਹੜ੍ਹਤਾਲ ਦੇ ਦਿੱਤੇ ਗਏ ਸੱਦੇ ਦਾ ਭਰਪੂਰ ਸਮਰਥਨ ਕੀਤਾ ਗਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਡਾ. ਅਜੇ ਸਰੀਨ ਪ੍ਰਿੰਸੀਪਲ ਐਚ.ਐਮ.ਵੀ ਕਾਲਜ ਜਲੰਧਰ ਤੇ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ ਜੀ.ਐਨ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਸਮੇਤ ਸਮੂਹ ਪ੍ਰਿੰਸੀਪਲ ਸਾਹਿਬਾਨ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਯੂ.ਜੀ.ਸੀ ਦਾ ਸੱਤਵਾਂ ਪੇਅ ਕਮਿਸ਼ਨ ਦੇਸ਼ ਦੇ ਸਾਰੇ ਰਾਜਾਂ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਲਾਗੂ ਹੋ ਚੁੱਕਾ ਹੈ, ਪਰ ਪੰਜਾਬ ਸਰਕਾਰ ਦੁਆਰਾ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੇਅ ਕਮਿਸ਼ਨ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਸਰਕਾਰ ਨੂੰ ਸੱਤਵਾਂ ਪੇਅ ਕਮਿਸ਼ਨ ਤੁਰੰਤ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਲਜਾਂ ਤੇ ਯੂਨੀਵਰਸਟੀ ਦੇ ਅਧਿਆਪਕਾਂ ਦੇ ਪੇਅ ਕਮਿਸ਼ਨ ਨੂੰ ਯੂ.ਜੀ.ਸੀ ਦੇ ਸਕੇਲਾਂ ਨਾਲੋਂ ਡੀਲਿੰਕ ਕਰਨਾ ਵੀ ਬਹੁਤ ਮੰਦਭਾਗਾ ਹੈ। ਇਸ ਲਈ ਸਰਕਾਰ ਨੂੰ ਉਚੇਰੀ ਸਿੱਖਿਆ ਤੇ ਕਾਲਜਾਂ ਦੇ ਹਿੱਤ ਵਿੱਚ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜੇਕਰ ਇਨ੍ਹਾਂ ਮਸਲਿਆ ਨੂੰ ਫੌਰੀ ਤੌਰ ’ਤੇ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਜਾਵੇਗਾ। ਉਹਨਾਂ ਇਸ ਮੌਕੇ ਪੰਜਾਬ ਫੈਡਰੇਸ਼ਨ ਆਫ਼ ਯੂਨੀਵਰਸਿਟੀ ਐਂਡ ਕਾਲਜਿਜ਼ ਟੀਚਰਜ਼ ਆਰਗੇਨਾਈਜੇਸ਼ਨ ਵਲੋਂ 3 ਸਤੰਬਰ ਦੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਨ ਦੇ ਨਾਲ-ਨਾਲ ਇਸ ਵਿੱਚ ਸਮੂਹ ਸਟਾਫ਼ ਸਮੇਤ ਸ਼ਾਮਲ ਹੋਣ ਦੀ ਵੀ ਗੱਲ ਕਹੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਉਚੇਰੀ ਸਿੱਖਿਆ ਦੀ ਬਿਹਤਰੀ ਲਈ ਪ੍ਰਿੰਸੀਪਲ ਐਸੋਸੀਏਸ਼ਨ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਹਿੱਤ ਵਿੱਚ ਅਸੀਂ ਪੀਫਕਟੋ ਦੇ ਇਸ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਇਸ ਦਾ ਪੁਰਜ਼ੋਰ ਸਮਰਥਨ ਕਰਦੇ ਹਾਂ। ਇਸ ਮੌਕੇ ਡਾ. ਪਰਦੀਪ ਭੰਡਾਰੀ ਪ੍ਰਿੰਸੀਪਲ ਦੋਆਬਾ ਕਾਲਜ, ਡਾ. ਤਰਸੇਮ ਸਿੰਘ ਪ੍ਰਿੰਸੀਪਲ ਐਸ.ਐਨ. ਕਾਲਜ ਬੰਗਾ, ਡਾ. ਅਨੂਪ ਵਤਸ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨਕੋਦਰ, ਡਾ. ਪੂਜਾ ਪ੍ਰਾਸ਼ਰ ਪ੍ਰਿੰਸੀਪਲ ਐਸ.ਡੀ. ਕਾਲਜ ਜਲੰਧਰ, ਡਾ. ਨਵਜੋਤ ਕੌਰ ਪ੍ਰਿੰਸੀਪਲ ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ ਜਲੰਧਰ, ਡਾ. ਰੀਨਾ ਤਲਵਾੜ ਪ੍ਰਿੰਸੀਪਲ ਸ਼ਾਂਤੀ ਦੇਵੀ ਆਰਿਆ ਮਹਿਲਾ ਕਾਲਜ ਦੀਨਾ ਨਗਰ, ਡਾ. ਨੀਰਜ ਢੀਂਗਰਾ ਪ੍ਰਿੰਸੀਪਲ ਏ.ਪੀ.ਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਆਦਿ ਹਾਜ਼ਰ ਸਨ।