ਸਮਰਾਲਾ: ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ ਪ੍ਰਿੰਸੀਪਲ ਤਰਸੇਮ ਬਾਹੀਆ ਨੂੰ, ਸਥਾਨਕ ਮਾਤਾ ਗੁਰਦੇਵ ਕੌਰ ਮੈਮੋਰੀਅਲ ਸ਼ਾਹੀ ਸਪੋਰਟਸ ਕਾਲਜ ਵਿਖੇ ਆਯੋਜਤ ਇਕ ਸੰਕੇਤਕ ਸਮਾਰੋਹ ਵਜੋਂ ਕੀਤੀ ਗਈ ਇਕੱਤਰਤਾ ਵਿੱਚ, ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਇਹ ਇਕੱਤਰਤਾ ਪੰਜਾਬ ਦੀਆਂ ਵੱਖ-ਵੱਖ ਵਿੱਦਿਅਕ, ਸਾਹਿਤਕ ਅਤੇ ਜਨਤਕ ਸੰਸਥਾਵਾਂ ਅਤੇ ਜੱਥੇਬੰਦੀਆਂ ਦੇ ਪ੍ਰਤੀਨਿਧਾਂ ਵੱਲੋਂ ਆਯੋਜਿਤ ਕੀਤੀ ਗਈ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਇਹਨਾਂ ਸੰਗਠਨਾਂ ਦੇ ਬੁਲਾਰਿਆਂ ਕੇ. ਬੀ. ਐਸ. ਸੋਢੀ , ਸਤਨਾਮ ਚਾਨਾ, ਜੈਪਾਲ ਸਿੰਘ, ਸੁਖਦੇਵ ਸਿੰਘ ਰਾਣਾ, ਜਸਪਾਲ ਸਿੰਘ ਰਿਟਾਇਰਡ ਪੀਸੀਐਸ, ਪ੍ਰਿੰਸੀਪਲ ਖੁਸ਼ਵਿੰਦਰ ਕੁਮਾਰ, ਡਾ: ਕੁਲਦੀਪ ਕੌਰ ਧਾਲੀਵਾਲ, ਬਲਵਿੰਦਰ ਗਰੇਵਾਲ, ਪ੍ਰਿੰਸੀਪਲ ਕੁਲਦੀਪ ਸਿੰਘ ਕਲਸੀ, ਪ੍ਰਿੰਸੀਪਲ ਸਤੀਸ਼ ਸ਼ਰਮਾ, ਏਐਸ ਵਿਰਕ, ਕਾਮਰੇਡ ਜਸਪਾਲ ਜੱਸੀ , ਕਾਮਰੇਡ ਯਸ਼ਪਾਲ, ਦਵਿੰਦਰ ਪੁਨੀਆ, ਗੁਰਵੀਰ ਸਿੰਘ ਸ਼ਾਹੀ, ਡਾ ਸੁਰਜੀਤ ਸਿੰਘ, ਨੇ ਕਿਹਾ ਕਿ ਪ੍ਰਿੰਸੀਪਲ ਬਾਹੀਆ ਆਪਣੇ ਆਪ ਵਿੱਚ ਇਕ ਵੱਡੀ ਸੰਸਥਾ ਹੋਣ ਦੇ ਨਾਲ-ਨਾਲ ਪੰਜਾਬ ਦੇ ਜਮਹੂਰੀ ਅਤੇ ਲੋਕ ਪੱਖੀ ਅਦਾਰਿਆਂ ਅਤੇ ਵਿੱਦਿਅਕ ਸੰਸਥਾਨਾਂ ਵਿਚਕਾਰ ਇਕ ਮਹੱਤਵਪੂਰਨ ਸੂਤਰ ਸਨ। ਉਹਨਾਂ ਦੇ ਸਰੀਰੀ ਰੂਪ ਵਿੱਚ ਵਿਛੋੜੇ ਦੇ ਨਾਲ ਜਿੱਥੇ ਉਹਨਾਂ ਨਾਲ ਜੁੜੇ ਹੋਏ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਮਿੱਤਰਾਂ-ਸਬੰਧੀਆਂ ਨੂੰ ਵੱਡਾ ਹਰਜ਼ਾ ਪਹੁੰਚਿਆ ਹੈ, ਉੱਥੇ ਉਕਤ ਤਮਾਮ ਸੰਸਥਾਵਾਂ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਬੁਲਾਰਿਆਂ ਨੇ ਕਿਹਾ ਕਿ ਸ਼੍ਰੀ ਬਾਹੀਆ ਪੰਜਾਬ ਦੇ ਲੋਕਾਂ ਵਿਚਕਾਰ ਧਰਮਨਿਰਪੱਖਤਾ, ਸਮਾਨਤਾ, ਭਾਈਚਾਰਕਤਾ, ਮਾਨਵਤਾ, ਸਮਾਜਿਕ ਇਨਸਾਫ਼ ਅਤੇ ਵਿਸ਼ੇਸ਼ ਤੌਰ ਉੱਤੇ, ਪਰੋਪਕਾਰ ਅਤੇ ਸਨਮਾਨਜਨਕ ਰੁਜ਼ਗਾਰ ਦੀ ਗਰੰਟੀ ਦਿੰਦੀ, ਇਕ ਸਮਾਨ ਸਿੱਖਿਆ ਦੇ ਪ੍ਰਵਚਨ ਦੇ ਪ੍ਰਚਾਰ ਪ੍ਰਸਾਰ ਦੇ ਸੰਵਾਹਕ ਅਤੇ ਸਿਰਕੱਢ ਬੁਲਾਰੇ ਸਨ। ਇਸ ਦੌਰਾਨ ਪ੍ਰਿੰਸੀਪਲ ਤਰਸੇਮ ਬਾਹੀਆ ਦੀ ਸਪੁੱਤਰੀ ਪ੍ਰਿੰਸੀਪਲ ਅਨੁ ਬਾਹੀਆ ਬਜਾਜ ਨੇ ਵੀ ਆਪਣੀ ਭਾਵਨਾਵਾਂ ਪਰੁੱਚੀ ਤਕਰੀਰ ਰਾਹੀਂ ਇਕੱਤਰਤਾ ਨੂੰ ਸੰਬੋਧਨ ਕੀਤਾ। ਉਹਨਾਂ ਆਪਣੇ ਜਜ਼ਬਾਤਾਂ ਉੱਤੇ ਮਜ਼ਬੂਤ ਜ਼ਾਬਤਾ ਰੱਖ ਕੇ ਸ੍ਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਅਤੇ ਉਹਨਾਂ ਦੇ ਮਾਤਾ ਜੀ (ਪ੍ਰਿੰਸੀਪਲ ਤਰਸੇਮ ਬਾਹੀਆ ਦੀ ਸੁਪਤਨੀ) ਸ਼੍ਰੀਮਤੀ ਸ਼ਾਰਧਾ ਦੇਵੀ ਸਮੇਤ ਉਹਨਾਂ ਦੇ ਸਮੁੱਚੇ ਪਰਿਵਾਰ ਮੈਂਬਰ, ਉਹਨਾਂ ਦੇ ਘਰ ਹੁੰਦੀਆਂ ਰਹੀਆਂ, ਲੋਕ ਹਿਤ ਦੀਆਂ, ਜੱਥੇਬੰਦਕ ਮੀਟਿੰਗਾਂ ਦੇ ਮੇਜ਼ਬਾਨ ਹੁੰਦੇ ਸਨ। ਇਸ ਸੂਰਤ ਵਿੱਚ ਉਹਨਾਂ ਤੋਂ ਕਦੇ ਵੀ ਆਪਣੇ ਨਿਜੀ, ਪਰਿਵਾਰਕ ਅਤੇ ਸਮਾਜਿਕ ਤੇ ਸਮੂਹਿਕ ਸਰੋਕਾਰਾਂ ਵਿਚਕਾਰ ਸਪਸ਼ਟ ਨਿਖੇੜਾ ਕਰਨਾ ਕਦੇ ਸੰਭਵ ਹੀ ਨਹੀਂ ਹੋਇਆ। ਉਹਨਾਂ ਕਿਹਾ ਕਿ ਉਹਨਾਂ ਦਾ ਪਰਿਵਾਰ ਪ੍ਰਿੰਸੀਪਲ ਬਾਹੀਆ ਦੇ ਉਕਤ ਵਿਆਪਕ ਸਰੋਕਾਰਾਂ ਅਤੇ ਜੀਵਨ ਸੇਧ ਨੂੰ ਸਦਾ ਜ਼ਿੰਦਾ ਰੱਖੇਗਾ। ਇਕੱਤਰਤਾ ਵਿੱਚ ਪਾਸ ਕੀਤੇ ਪ੍ਰਸਤਾਵਾਂ ਰਾਹੀਂ ਇਹ ਅਹਿਦ ਦੁਹਰਾਇਆ ਗਿਆ ਕਿ ਉਹਨਾਂ ਦੇ ਵਿਦਾ ਹੋਣ ਉਪਰੰਤ ਉਹਨਾਂ ਦੇ ਜੀਵਨ ਅਮਲ ਦੇ ਸੂਤਰਾਂ-ਸਿਧਾਂਤਾਂ, ਉਹਨਾਂ ਦੀ ਸੋਚ ਅਤੇ ਉਹਨਾਂ ਦੁਆਰਾ ਅਰੰਭੇ ਗਏ ਕਾਰਜਾਂ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮਕਸਦ ਲਈ ਉਹਨਾਂ ਦੀ ਯਾਦ ਵਿੱਚ ਇਕ ਟਰਸਟ ਦੀ ਸਥਾਪਨਾ ਕਰਨ ਦਾ ਐਲਾਨ ਕਰਦਿਆਂ ਇਸਦੀ ਮੁਢਲੀ ਰੂਪ ਰੇਖਾ ਤਿਆਰ ਕੀਤੀ ਗਈ। ਟਰਸਟ ਦੇ ਗਠਨ ਲਈ ਤਿੰਨ ਕਮੇਟੀਆਂ; ਸੰਵਿਧਾਨ ਕਮੇਟੀ, ਮੈਂਬਰਸ਼ਿਪ ਕਮੇਟੀ, ਟਰਸਟ ਨਿਰਮਾਣ ਅਤੇ ਸਿਮਰਤੀ ਗ੍ਰੰਥ ਤਾਲਮੇਲ ਕਮੇਟੀ, ਬਣਾਈਆਂ ਗਈਆਂ। ਪ੍ਰੋ. ਦਰਸ਼ਨ ਸਿੰਘ, ਬਲਵਿੰਦਰ ਗਰੇਵਾਲ ਅਤੇ ਪ੍ਰਿੰਸੀਪਲ ਕੁਲਦੀਪ ਸਿੰਘ ਨੂੰ ਕ੍ਰਮਵਾਰ ਇਹਨਾ ਕਮੇਟੀਆਂ ਦੇ ਕਨਵੀਨਰ ਲਗਾਇਆ ਗਿਆ ਹੈ। ਇਸ ਇਕੱਤਰਤਾ ਵਿੱਚ ਫੈਸਲਾ ਕੀਤਾ ਗਿਆ ਕਿ ਟਰਸਟੀ ਮੈਂਬਰਸ਼ਿਪ ਵਜੋਂ 25000 ਰੁਪਏ ਅਤੇ ਆਮ ਮੈਂਬਰਸ਼ਿਪ ਵਜੋਂ 2500 ਰੁਪਏ ਸਬੰਧਤ ਮੈਂਬਰਸ਼ਿਪ ਦੇ ਚਾਹਵਾਨ ਮੈਂਬਰਸ਼ਿਪ ਕਮੇਟੀ ਕੋਲ ਜਮ੍ਹਾਂ ਕਰਵਾਉਨਗੇ। ਪ੍ਰਿੰਸੀਪਲ ਤਰਸੇਮ ਬਾਹੀਆ ਯਾਦਗਾਰੀ ਟਰਸਟ ਸਿੱਖਿਆ, ਅਕਾਦਮਿਕਤਾ, ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਜੁੜੇ ਲੋਕ ਸਰੋਕਾਰਾਂ ਨਾਲ ਜੁੜੇ ਕਾਰਜ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਵੇਲ ਬਾਹੀਆ, ਵਰੇਸ਼ ਬਜਾਜ, ਡਾ: ਮਿਨਾਕਸ਼ੀ ਅਗਰਵਾਲ, ਸ਼ਿਫਾਲੀ ਬਾਹੀਆ, ਐਡਵੋਕੇਟ ਜਸਪ੍ਰੀਤ ਕਲਾਲਮਾਜਰਾ, ਡਾ: ਗੁਰਮੁਖ ਸਿੰਘ, ਏ. ਸੀ. ਪੀ. ਸੁਰਿੰਦਰ ਮੋਹਨ, ਗੁਰਪ੍ਰੀਤ ਸਿੰਘ, ਦਲਜੀਤ ਸਿੰਘ, ਡਾ. ਰਵਿੰਦਰ ਘੁੰਮਣ, ਗੁਰਦੇਵ ਸਿੰਘ, ਰਮੇਸ਼ ਰਤਨ, ਸਰਬਜੀਤ ਕੌਰ, ਮਾਸਟਰ ਤਰਲੋਚਨ ਸਿੰਘ, ਜੇ. ਐਸ. ਗਰੇਵਾਲ, ਦਲੀਪ ਸਿੰਘ, ਕੁਲਵੰਤ ਤਰਕ, ਹਰਬੰਸ ਮਾਲਵਾ, ਸੁਰਿੰਦਰ ਰਾਮਪੁਰੀ, ਡਾ. ਜਗਦੀਸ਼ ਕੁਮਾਰ, ਗੁਰਜਸਵਿੰਦਰ ਸਿੰਘ ਜੱਸੀ, ਪ੍ਰਿੰਸੀਪਲ ਨਵਤੇਜ ਸ਼ਰਮਾ, ਰੂਪਾ ਕੌਰ, ਡਾ. ਜੋਗਿੰਦਰ ਗਿੱਲ, ਡਾ. ਸੰਦੀਪ ਭਾਰਦਵਾਜ, ਮਲਕੀਤ ਸਿੰਘ ਅਤੇ ਜਸਵੀਰ ਝੱਜ ਹਾਜ਼ਰ ਸਨ।