ਪ੍ਰੋ. ਅਤਿਮਾ ਸ਼ਰਮਾ ਦਿਵੇਦੀ, ਪ੍ਰਿੰਸੀਪਲ, ਕੰਨਿਆ ਮਹਾਂਵਿਦਿਆਲਾ (ਆਟੋਨਾਮਸ) ਨੂੰ ਕਾਪੀਰਾਈਟ ਦਫ਼ਤਰ, ਭਾਰਤ ਸਰਕਾਰ ਦੁਆਰਾ ਕਾਪੀਰਾਈਟ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਕਾਪੀਰਾਈਟ ਨਵੇਂ ਵਿਦਿਆਰਥੀਆਂ ਲਈ ਸਫ਼ਲਤਾਪੂਰਵਕ ਚਲਾਏ ਜਾ ਰਹੇ ਫਾਊਂਡੇਸ਼ਨ ਪ੍ਰੋਗਰਾਮ ਅਤੇ ਇਸ ਦੌਰਾਨ ਵਿਦਿਆਰਥੀਆਂ ਲਈ ਵਿਭਿੰਨ ਮੌਡਿਊਲਜ਼ ਨਾਲ ਸੰਬੰਧਿਤ ਲੇਖਾਂ ‘ਤੇ ਆਧਾਰਿਤ ਪੁਸਤਕ ਦੀ ਹਿਉਮਨ ਸਟੋਰੀ ਲਈ ਹਾਸਿਲ ਹੋਇਆ ਹੈ। ਕੇ. ਐਮ.ਵੀ. ਦੇ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਦੁਆਰਾ ਫਾਊਂਡੇਸ਼ਨ ਪ੍ਰੋਗਰਾਮ ਦੇ ਰੂਪ ਵਿੱਚ ਇੱਕ ਵਿਲੱਖਣ ਉਪਰਾਲਾ ਸਮੁੱਚੇ ਭਾਰਤ ਵਿੱਚ ਨਵੇਂ ਵਿਦਿਆਰਥੀਆਂ ਲਈ ਆਪਣਿਆਂ ਵਿੱਚ ਪਹਿਲਾਂ ਹੈ ਜੋ ਸਕੂਲੀ ਵਿੱਦਿਆ ਅਤੇ ਉਚੇਰੀ ਸਿੱਖਿਆ ਦੇ ਅੰਤਰਾਲ ਨੂੰ ਖਤਮ ਕਰਨ ਦਾ ਉਦੇਸ਼ ਰੱਖਦਾ ਹੈ। ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਸੰਸਾਰ ਪੱਧਰ ਦੇ ਮੁੱਦਿਆਂ, ਮਨੁੱਖੀ ਬੌਧਿਕ ਵਿਕਾਸ ਦੇ ਇਤਿਹਾਸ, ਆਧੁਨਿਕ ਭਾਰਤ ਦੇ ਨਿਰਮਾਣ ਅਤੇ ਕਈ ਮਹੱਤਵਪੂਰਨ ਗਿਆਨਵਰਧਕ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹੋਏ ਉਨ੍ਹਾਂ ਦਾ ਬੌਧਿਕ ਵਿਕਾਸ ਕਰਨਾ ਹੈ ਤਾਂ ਜੋ ਉਹ ਇੱਕ ਜ਼ਿੰਮੇਵਾਰ ਅਤੇ ਦਇਆਵਾਨ ਨਾਗਰਿਕ ਵਜੋਂ ਮਨੁੱਖਤਾ ਦੀ ਅਮੀਰ ਵਿਰਾਸਤ ਨੂੰ ਅੱਗੇ ਲੈ ਕੇ ਚੱਲ ਸਕਣ। ‘ਦੀ ਹਿਊਮਨ ਸਟੋਰੀ’ ਪੁਸਤਕ ਮਨੁੱਖੀ ਵਿਕਾਸ ਯਾਤਰਾ ਨੂੰ ਬੇਹੱਦ ਵਿਸਤਰਿਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਬਿਆਨਣ ਦੇ ਨਾਲ-ਨਾਲ ਪ੍ਰਾਚੀਨ ਕਾਲ ਤੋਂ ਲੈ ਕੇ ਆਧੁਨਿਕ ਸਮੇਂ ਤਕ ਮਨੁੱਖੀ ਬੌਧਿਕ ਵਿਕਾਸ ‘ਤੇ ਕੇਂਦਰਿਤ ਹੈ। ਵਰਨਣਯੋਗ ਹੈ ਕਿ ਇਹ ਪ੍ਰੋਗਰਾਮ ਸਭ ਅੰਡਰ ਗਰੈਜੂਏਟ ਪੱਧਰ ਦੇ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਲਈ ਕੇ.ਐਮ.ਵੀ. ਦੁਆਰਾ ਵੈਲਯੂ ਐਡਿਡ ਪ੍ਰੋਗਰਾਮ ਵਜੋਂ ਬਿਲਕੁਲ ਮੁਫ਼ਤ ਚਲਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰੋ. ਦਿਵੇਦੀ ਨੇ ਕਿਹਾ ਕਿ ਅਜਿਹੇ ਅਰਥਪੂਰਨ ਪ੍ਰੋਗਰਾਮ ਕੇ.ਐਮ.ਵੀ. ਦੀ ਵਿਦਿਆਰਥਣਾਂ ਦੇ ਸਾਰਥਕ ਭਵਿੱਖ ਪ੍ਰਤੀ ਵਚਨਬੱਧਤਾ ਨੂੰ ਹੋਰ ਪਕੇਰਾ ਕਰਦੇ ਹਨ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਨੂੰ ਕੇਂਦਰ ਦੇ ਵਿਚ ਰੱਖਦੇ ਹੋਏ ਇੱਕ ਮਜ਼ਬੂਤ ਆਧਾਰ ਪ੍ਰਦਾਨ ਕਰਦੇ ਹੋਏ ਜੀਵਨ ਵਿੱਚ ਨਿਰੰਤਰ ਅੱਗੇ ਵਧਦੇ ਰਹਿਣ ਵਿਚ ਸਹਾਇਕ ਬਣਦੇ ਹਨ। ਅੱਗੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੇ.ਐਮ.ਵੀ. ਸਿੱਖਿਆ ਸੰਬੰਧੀ ਵਿਭਿੰਨ ਮਹੱਤਵਪੂਰਨ ਸੁਧਾਰਾਂ ਅਤੇ ਪਹਿਲਕਦਮੀਆਂ ਵਿੱਚ ਹੋਰਨਾਂ ਨਾਲੋਂ ਸਦਾ ਅੱਗੇ ਰਹਿੰਦਾ ਹੈ ਅਤੇ ਭਾਰਤ ਸਰਕਾਰ ਦੁਆਰਾ ਇਹ ਸਨਮਾਨ ਕੇ.ਐਮ.ਵੀ. ਦੀ ਆਪਣੀਆਂ ਵਿਦਿਆਰਥਣਾਂ ਦੀ ਭਵਿੱਖਵਾਦੀ ਅਤੇ ਸਰਬਪੱਖੀ ਸਿੱਖਿਆ ਦੀ ਵਚਨਬੱਧਤਾ ਦੀ ਹਾਮੀ ਭਰਦਾ ਹੈ। ਵਰਨਣਯੋਗ ਹੈ ਕਿ ਪਿਛਲੇ 10 ਸਾਲਾਂ ਤੋਂ ਵਿਦਿਆਲਾ ਦੁਆਰਾ ਨਵੀਆਂ ਵਿਦਿਆਰਥਣਾਂ ਲਈ ਚਲਾਇਆ ਜਾ ਰਿਹਾ ਫਾਊਂਡੇਸ਼ਨ ਪ੍ਰੋਗਰਾਮ ਭਾਰਤ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਦੇ ਉਦੇਸ਼ਾਂ ਦੇ ਪੂਰਨ ਤੌਰ ‘ਤੇ ਅਨੁਕੂਲ ਹੈ। ਕੇ.ਐਮ.ਵੀ. ਵਿਦਿਆਰਥੀਆਂ ਨੂੰ ਪ੍ਰਗਤੀਵਾਦੀ ਅਤੇ ਭਵਿੱਖਵਾਦੀ ਸਿੱਖਿਆ ਪ੍ਰਦਾਨ ਕਰਦਾ ਹੈ। ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਹਰੇਕ ਸਮੈਸਟਰ ਵਿਚ ਵੱਖ-ਵੱਖ ਵੈਲਿਊ ਐਡਿਡ ਪ੍ਰੋਗਰਾਮ ਸ਼ੁਮਾਰ ਕੀਤੇ ਗਏ ਹਨ। ਇਹ ਸਾਰੇ ਪ੍ਰੋਗਰਾਮ ਇਨੋਵੇਟਿਵ ਹਨ ਅਤੇ ਇਨ੍ਹਾਂ ਨੂੰ ਕੇ.ਐਮ.ਵੀ. ਵਿਖੇ ਹੀ ਵਿਕਸਿਤ ਕੀਤਾ ਗਿਆ ਹੈ। ਸਮੇਂ ਦਰ ਸਮੇਂ ਸਮੁੱਚੇ ਭਾਰਤ ਦੇ ਉੱਘੇ ਵਿਦਵਾਨਾਂ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਸਕਾਲਰ ਦੁਆਰਾ ਕੰਨਿਆ ਮਹਾਂ ਵਿਦਿਆਲਾ ਦੇ ਇਨ੍ਹਾਂ ਮਹੱਤਵਪੂਰਨ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਹੈ।