ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਅਕਾਦਮਿਕ, ਖੇਡਾਂ ਅਤੇ ਕਲਚਰਲ ਖੇਤਰ ਵਿੱਚ ਸੇਵਾਵਾਂ ਦੇਣ ਦੇ ਨਾਲ-ਨਾਲ ਖੋਜ ਅਤੇ ਸਾਹਿਤਕ ਖੇਤਰ ਵਿੱਚ ਵੀ ਵਿਸ਼ੇਸ਼ ਯੋਗਦਾਨ ਪਾ ਰਿਹਾ ਹੈ। ਇਸੇ ਲੜੀ ਤਹਿਤ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਅਧੀਨ ਚੱਲ ਰਹੀ ਪੰਜਾਬੀ ਸਾਹਿਤ ਸਭਾ ਦਾ ਪੁਨਰ ਗਠਨ ਕਰਦਿਆਂ ਪ੍ਰੋ. ਕੁਲਦੀਪ ਸੋਢੀ ਨੂੰ ਇਸ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਸਾਹਿਤ ਸਭਾ ਦਾ ਮੁੱਖ ਮਨੋਰਥ ਵਿਦਿਆਰਥੀਆਂ ਵਿੱਚ ਸਾਹਿਤਕ ਰੁਚੀਆਂ ਨੂੰ ਪ੍ਰਫੁੱਲਿਤ ਕਰਨਾ ਅਤੇ ਵਿਦਿਆਰਥੀਆਂ ਦੇ ਸਨਮੁੱਖ ਵੱਖ-ਵੱਖ ਨਾਮਵਰ ਸਾਹਿਤਕ ਸ਼ਖਸੀਅਤਾਂ ਨੂੰ ਰੂਬਰੂ ਕਰਨਾ ਹੈ। ਪ੍ਰੋ. ਸੋਢੀ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਉਨ੍ਹਾਂ ਪਾਸੋਂ ਲਗਨ ਅਤੇ ਤਨਦੇਹੀ ਨਾਲ ਸਾਹਿਤ ਸੇਵਾ ਕਰਨ ਦੀ ਆਸ ਪ੍ਰਗਟਾਉਂਦਿਆਂ ਵਿਭਾਗ ਦੇ ਸਾਹਿਤਕ ਖੇਤਰ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪੰਜਾਬੀ ਸਾਹਿਤ ਸਭਾ ਨੇ ਕਈ ਨਾਮਵਰ ਸਾਹਿਤਕਾਰਾਂ ਨੂੰ ਵਧੀਆ ਪਲੇਟਫਾਰਮ ਦਿੱਤਾ ਹੈ ਜਿਸ ਸਦਕਾ ਉਹ ਦੁਨੀਆਂ ਭਰ ਵਿੱਚ ਨਾਂ ਚਮਕਾ ਰਹੇ ਹਨ। ਇਸ ਮੌਕੇ ਡਾ. ਗੋਪਾਲ ਸਿੰਘ ਬੁੱਟਰ, ਮੁੱਖੀ ਪੰਜਾਬੀ ਵਿਭਾਗ ਅਤੇ ਡਾ. ਸੁਰਿੰਦਰ ਪਾਲ ਮੰਡ ਨੇ ਵੀ ਪ੍ਰੋ. ਸੋਢੀ ਨੂੰ ਵਧਾਈ ਦਿੱਤੀ।