ਜਲੰਧਰ :ਪੰਜਾਬ ਐਸ ਸੀ ਮੋਰਚਾ ਦੇ ਪ੍ਰਧਾਨ ਸ੍ਰੀ ਐਸ ਆਰ ਲੱਧੜ ਸਾਬਕਾ ਜਲੰਧਰ ਮੰਡਲ ਕਮਿਸ਼ਨਰ ਨੇ ਪ੍ਰੈਸ ਵਾਰਤਾ ਵਿੱਚ ਦੱਸਿਆ ਕਿ ਮਾਨ ਸਾਹਿਬ ਜੀ ਦੀ ਆਪ ਸਰਕਾਰ ਨੇ ਦਲਿਤ ਸਮਾਜ ਨਾਲ ਵੱਡਾ ਧ੍ਰੋਹ ਕਮਾਇਆ ਹੈ। ਮਾਨ ਸਾਹਿਬ ਨੇ ਕੱਲ ਧੂਰੀ ਤੋਂ ਇੱਕ ਬਿਆਨ ਦਿੱਤਾ ਹੈ ਕਿ ਹੋਰ ਸਮਾਜ ਭਲਾਈ ਦੀਆਂ ਸਕੀਮਾਂ ਪਾਈਪ ਲਾਈਨ ਵਿੱਚ ਹਨ ਜਦੋਂ ਕੇ ਪਹਿਲੀਆਂ ਸਕੀਮਾਂ ਨੂੰ ਚਾਲੂ ਨਹੀਂ ਰੱਖਿਆ ਜਾ ਰਿਹਾ। ਮਾਨ ਸਰਕਾਰ ਨੇ ਸੱਤ ਰਾਜ ਸਭਾ ਮੈਂਬਰਾਂ ਵਿੱਚ ਇੱਕ ਵੀ ਦਲਿਤ ਨਾਮਜ਼ਦ ਨਹੀਂ ਕੀਤਾ, 158 ਲਾਅ ਅਫਸਰਾਂ ਵਿੱਚ ਇੱਕ ਵੀ ਦਲਿਤ ਨਹੀਂ। ਸਰਕਾਰ ਦੇ 1,96,000 ਕਰੋੜ ਰੁਪਏ ਦੇ ਮੌਜੂਦਾ ਬਜਟ ਵਿੱਚ ਐਸ ਸੀ ਸਬ ਪਲਾਨ ਵਿੱਚ 13678/-ਕਰੋੜ(6%) ਰੁਪਏ ਦਾ ਉਪਬੰਧ ਕੀਤਾ ਹੈ। ਜਦੋਂ ਕਿ ਵੱਸੋਂ ਮੁਤਾਬਕ ਬੱਜਟ ਦਾ ਤੀਜਾ ਹਿੱਸਾ ਦਲਿਤਾਂ ਦੀ ਭਲਾਈ ਲਈ ਰੱਖਣਾ ਬਣਦਾ ਸੀ। ਬੱਚਿਆਂ ਦੇ ਵਜ਼ੀਫ਼ੇ ਅਤੇ ਮਕਾਨਾਂ ਲਈ ਨਿਗੂਣਾ ਬਜਟ ਰੱਖਿਆ ਗਿਆ ਹੈ। ਸਰਕਾਰੀ ਸਕੂਲਾਂ ਦੀ ਹਾਲਤ ਨਿਗਰਦੀ ਜਾ ਰਹੀ ਹੈ। ਮੁੱਫਤ ਅਨਾਜ ਜੋ ਭਾਰਤ ਸਰਕਾਰ ਭੇਜ ਰਹੀ ਹੈ ਉਸ ਤੇ ਵੀ ਕੱਟ ਲਾ ਕਿ ਸਹੀ ਲਾਭ ਪਾਤਰੀਆਂ ਦੇ ਨਾਂ ਕੱਟ ਦਿੱਤੇ ਗਏ ਹਨ। ਪੰਜਾਬ ਦੇ ਭਲਾਈ ਵਿਭਾਗ ਵਿੱਚ 709 ਪਰਵਾਨਤ ਪੋਸਟਾਂ ਵਿੱਚੋਂ 335 ਪੋਸਟਾਂ ਖਾਲੀ ਹਨ। ਡਰਾਇਕਟਰ ਵਰਗੀ ਅਹਿਮ ਪੋਸਟ ਤੇ ਵੀ ਇਸ ਸਰਕਾਰ ਵੱਲੋਂ ਚੌਥਾ ਅਫਸਰ ਲਾਇਆ ਗਿਆ ਹੈ। ਡਿਪਟੀ ਡਰਾਇਕਟਰ ਦੀਆਂ ਛੇ ਪੋਸਟਾਂ ਵਿੱਚੋਂ ਪੰਜ ਖਤਮ ਕਰ ਦਿੱਤੀਆਂ ਗਈਆਂ ਹਨ। ਡਾ: ਭੀਮ ਰਾਉ ਅੰਬੇਡਕਰ ਇੰਸਟੀਚਿਊਟ ਆਫ ਕੈਰੀਅਰ ਐਂਡ ਕੋਰਸਿਸ ਜਿੱਥੇ ਐਸ ਸੀ ਬੱਚੇ ਨੌਕਰੀਆਂ ਲਈ ਕੋਚਿੰਗ ਲੈੰਦੇ ਹਨ, ਦੀਆਂ ਸਾਰੀਆਂ ਅਸਾਮੀਆਂ ਸਮੇਤ ਪ੍ਰਿੰਸੀਪਲ ਖਾਲੀ ਚੱਲੀਆਂ ਆ ਰਹੀਆਂ ਹਨ। ਇਸੇ ਤਰਾਂ ਅਡੀਸ਼ਨਲ ਡਰਾਇਕਟਰ ਦੀ ਇੱਕ,
ਜੁਆਇੰਟ ਡਰਾਇਕਟਰ ਇੱਕ,
ਡਿਪਟੀ ਡਰਾਇਕਟਰ ਦੀਆਂ 6, ਜਿਲਾ ਭਲਾਈ ਅਫਸਰਾਂ ਦੀਆਂ 6, ਤਹਿਸੀਲ ਭਲਾਈ ਅਫਸਰਾਂ ਦੀਆਂ 53, ਸੈਕਸ਼ਨ ਅਫਸਰਾਂ ਦੀਆਂ ਦੀਆਂ 23, ਸੁਪਰਡੰਟਾਂ ਦੀਆਂ 17, ਸੀਨੀਅਰ ਅਸਿਸਟੈਂਟਾਂ ਦੀਆਂ 19, ਕੰਪਉਟਰ ਅਪਰੇਟਰਾਂ ਦੀਆਂ 60, ਡੈਟਾ ਐਟਰੀ ਅਪਰੇਟਰਾਂ ਦੀਆਂ 25,ਸਟੈਨੋਗ੍ਰਾਫ਼ਰ 16, ਕਲਾਸ ਫੋਰ 30 ਅਤੇ ਸਿਲਾਈ ਕਢਾਈ ਟੀਚਰਾਂ ਦੀਆਂ 24 ਵਿੱਚੋਂ 22 ਪੋਸਟਾਂ ਖਾਲੀ ਹਨ।
ਸਰਕਾਰ ਦਾ ਦਲਿਤਾਂ ਦੀ ਭਲਾਈ ਦਾ ਮਹਿਕਮਾ ਬਿਨਾ ਅਫਸਰਾਂ ਅਤੇ ਸਟਾਫ਼ ਤੋਂ ਕਿਵੇਂ ਚੱਲੇਗਾ ?
ਪ੍ਰੈਸ ਵਾਰਤਾ ਵਿੱਚ ਨਿਰਮਲ ਨਾਹਰ , ਅਜਮੇਰ ਸਿੰਘ ਬਾਦਲ, ਮੁਹਿੰਦਰ ਭਗਤ, ਮਹਿੰਦਰ ਸਿੰਘ ਬਲੇਰ, ਨਰਿੰਦਰ ਸਿੰਘ, ਰੋਸ਼ਨ ਲਾਲ ਹੀਰ, ਜੈ ਕਿਸ਼ਨ ਸੋਨੀ ਅਤੇ ਹੋਰ ਕਈ ਸੀਨੀਅਰ ਭਾਜਪਾ ਨੇਤਾ ਮੌਜੂਦ ਸਨ।