ਨਵੀਂ ਦਿੱਲੀ:
ਪੰਜਾਬ ਤੋਂ 6 ਸਿੱਖ ‘ਸ਼ਖਸ਼ੀਅਤਾਂ’ ਵੱਲੋਂ ਅੱਜ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਹੈ। ਇਹਨਾਂ ਛੇਆਂ ਨੂੰ ਦਿੱਲੀ ਵਿਖ਼ੇ ਇਕ ਪੱਤਰਕਾਰ ਸੰਮੇਲਨ ਦੌਰਾਨ ਕੇਂਦਰੀ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖ਼ਾਵਤ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਦੁਸ਼ਿਅੰਤ ਕੁਮਾਰ ਗੌਤਮ ਅਤੇ ਪਾਰਟੀ ਦੇ ਕੌਮੀ ਸਪੋਕਸਪਰਸਨ ਸ:ਇਕਬਾਲ ਸਿੰਘ ਲਾਲਪੁਰਾ ਹਾਜ਼ਰ ਸਨ। ਜਿਨ੍ਹਾਂ ਨੇ ਅੱਜ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਉਨ੍ਹਾਂ ਵਿੱਚ ਇਕ ਪ੍ਰਮੁੱਖ ਨਾਂਅ ਹੈ ਡਾ: ਜਸਵਿੰਦਰ ਸਿੰਘ ਢਿੱਲੋਂ। ਸ: ਢਿੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਹਨ। ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਦੀ ਪਛਾਣ ਕਰਾਉਂਦਿਆਂ ਦੱਸਿਆ ਗਿਆ ਕਿ ਉਹ ਚੀਫ਼ ਖ਼ਾਲਸਾ ਦੀਵਾਨ, ਅੰਮ੍ਰਿਤਸਰ ਦੇ ਸਕੱਤਰ ਅਤੇ ਅੰਮ੍ਰਿਤਸਰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਹਨ। ਖ਼ਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਦੀ ਵੈਬਸਾਈਟ ਅਨੁਸਾਰ ਉਹ ਯੂਨੀਵਰਸਿਟੀ ਦੇ ਰਜਿਸਟਰਾਰ ਹਨ। ਸੇਵਾਮੁਕਤ ਕਰਨਲ ਜੈਬੰਸ ਸਿੰਘ ਵੀ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ। ਸ: ਲਾਲਪੁਰਾ ਅਨੁਸਾਰ ਉਹ ਖ਼ਬਰ ਏਜੰਸੀ ਏ.ਐਨ.ਆਈ. ਦੇ ਡਾਇਰੈਕਟਰ ਰਹੇ ਹਨ।ਪਟਿਆਲਾ ਦੇ ਇਕ ਸੀਨੀਅਰ ਐਡਵੋਕੇਟ ਸ: ਜਗਮੋਹਨ ਸਿੰਘ ਸੈਣੀ ਵੀ ਭਾਜਪਾ ਵਿੱਚ ਸ਼ਾਮਲ ਹੋਏ। ਉਨ੍ਹਾਂ ਬਾਰੇ ਦੱਸਿਆ ਗਿਆ ਕਿ ਉਹ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਰਹੇ ਹਨ ਅਤੇ ‘ਫ਼ਾਰਮਰਜ਼ ਇੰਟੈਲੈਕਚੂਅਲ ਮੰਚ’ ਦੇ ਪ੍ਰਧਾਨ ਹਨ।ਅੱਜ ਸ਼ਾਮਲ ਹੋਣ ਵਾਲਿਆਂ ਵਿੱਚ ਮੋਹਾਲੀ ਤੋਂ ਐਡਵੋਕੇਟ ਨਿਰਮਲ ਸਿੰਘ ਵੀ ਸ਼ਾਮਲ ਹਨ। ਉਨ੍ਹਾਂ ਬਾਰੇ ਦੱਸਿਆ ਗਿਆ ਕਿ ਉਹ ਤਜਰਬੇਕਾਰ ‘ਚੋਣ ਨੀਤੀਘਾੜੇ’ ਹਨ ਅਤੇ ‘ਫ਼ਾਰਮਰਜ਼ ਇੰਟੈਲੈਕਚੂਅਲ ਮੰਚ’ ਦੇ ਮੀਤ ਪ੍ਰਧਾਨ ਹਨ। ਉਕਤ ਤੋਂ ਇਲਾਵਾ ਜਲੰਧਰ ਤੋਂ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ ਜੋ ਇਕ ਅਕਾਲੀ ਨੇਤਾ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਰਹੇ ਹਨ, ਵੀ ਸ਼ਾਮਲ ਹਨ।ਉਨ੍ਹਾਂ ਤੋਂ ਇਲਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਹੇ ਸ: ਕੁਲਦੀਪ ਸਿੰਘ ਕਾਹਲੋਂ ਵੀ ਸ਼ਾਮਲ ਹਨ। ਸ: ਲਾਲਪੁਰਾ ਨੇ ਦਾਅਵਾ ਕੀਤਾ ਕਿ ਸ: ਕਾਹਲੋਂਨੇ ਆਪਣੀ ਯੂਥ ਅਕਾਲੀ ਦਲ ਨਾਂਅ ਦੀ ਸੰਸਥਾ ਦਾ ਵੀ ਭਾਜਪਾ ਵਿੱਚ ਰਲੇਵਾਂ ਕਰ ਦਿੱਤਾ ਹੈ।ਭਾਜਪਾ ਲਈ ਪੰਜਾਬ ਅੰਦਰ ਇਹ ਇਕ ਰਾਹਤ ਵਾਲੀ ਖ਼ਬਰ ਹੈ ਕਿਉਂਕਿ ਇਸਦੇ ਆਗੂਆਂ ਨੂੰ ਰਾਜ ਅੰਦਰ ਵਿਰੋਧੀ ਪਾਰਟੀਆਂ ਤੋਂ ਇਲਾਵਾ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਹੁਣ ਤਾਂ ਪਾਰਟੀ ਦੇ ਸਾਬਕਾ ਮੰਤਰੀ ਸ੍ਰੀ ਅਨਿਲ ਜੋਸ਼ੀ ਅਤੇ ਮਾਸਟਰ ਮੋਹਨ ਲਾਲ ਨੇ ਵੀ ਆਵਾਜ਼ ਉਠਾਉਣੀ ਸ਼ੁਰੂ ਕੀਤੀ ਹੈ ਅਤੇ ਪਾਰਟੀ ਵੱਲੋਂ ਕਿਸਾਨ ਸੰਘਰਸ਼ ਨਾਲ ਨਿੱਬੜਣ ਦੇ ਢੰਗ ਤਰੀਕਿਆਂ ’ਤੇ ਸਵਾਲ ਚੁੱਕੇ ਹਨ।ਯਾਦ ਰਹੇ ਕਿ ਅਕਾਲੀ ਦਲ ਬਾਦਲ ਵੱਲੋਂ ਖ਼ੇਤੀ ਮੁੱਦਿਆਂ ’ਤੇ ਭਾਜਪਾ ਨਾਲ ਤੋੜ ਵਿਛੋੜਾ ਕਰਨ ਅਤੇ ਇਸ ਦੀ ਕੇਂਦਰੀ ਮੰਤਰੀ ਮੰਡਲ ਵਿੱਚ ਪ੍ਰਤੀਨਿਧ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫ਼ਾ ਦੇਣ ਮਗਰੋਂ ਰਾਜ ਅੰਦਰ ਭਾਜਪਾ ਪਹਿਲਾਂ ਨਾਲੋਂ ਕਮਜ਼ੋਰ ਸਮਝੀ ਜਾ ਰਹੀ ਹੈ ਅਤੇ ਹੁਣ ਪਾਰਟੀ ਅੰਦਰ ਸਿੱਖ ਚਿਹਰਿਆਂ ਨੂੰ ਸ਼ਾਮਲ ਕਰ ਕੇ ਉਸ ਰੁਝਾਨ ਨੂੰ ਠਲ੍ਹਣ ਦਾ ਦੌਰ ਸ਼ੁਰੂ ਹੋਇਆ ਹੈ।ਕੇਂਦਰੀ ਮੰਤਰੀ ਸ੍ਰੀ ਸ਼ੇਖਾਵਤ ਨੇ ਇਨ੍ਹਾਂ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਆਖ਼ਿਆ ਕਿ ਇਨ੍ਹਾਂ ਦੇ ਆਉਣ ਨਾਲ ਨਾ ਕੇਵਲ ਪਾਰਟੀ ਮਜ਼ਬੂਤ ਹੋਵੇਗੀ ਸਗੋਂ ਪਾਰਟੀ ਬਾਰੇ ਪੈਦਾ ਕੀਤੇ ਜਾ ਰਹੇ ਭਰਮ ਭੁਲੇਖ਼ੇ ਵੀ ਦੂਰ ਹੋਣਗੇ।