ਫਗਵਾੜਾ 8 ਜੂਨ (ਸ਼ਿਵ ਕੋੜਾ) ਅੰਬੇਡਕਰ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਢੰਡਾ ਨੇ ਅੱਜ ਇੱਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੂੰ ਤਾੜਨਾ ਕਰਦਿਆਂ ਕਿਹਾ ਕਿ ਅਗਲੇ ਸਾਲ 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ‘ਚ ਆਪਣੀ ਜਿੱਤ ਅਤੇ ਪੰਜਾਬ ਦੀ ਸੱਤਾ ਹਾਸਲ ਕਰਨ ਲਈ ਦਲਿਤ ਭਾਈਚਾਰੇ ਨੂੰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਅਹੁਦਿਆਂ ਦਾ ਲਾਲਚ ਦੇ ਕੇ ਵਰਗਲਾਉਣਾ ਬੰਦ ਕਰਨ ਕਿਉਂਕਿ ਇਹਨਾਂ ਦੋਵੇਂ ਦਲਿਤ ਵਿਰੋਧੀ ਪਾਰਟੀਆਂ ਨੂੰ ਪੰਜਾਬ ਦਾ ਦਲਿਤ ਭਾਈਚਾਰਾ ਬਿਲਕੁਲ ਵੀ ਮੂੰਹ ਨਹੀਂ ਲਗਾਏਗਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਮੋਜੂਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਗ੍ਰਾਂਟ ਜਾਰੀ ਨਾ ਕਰਕੇ ਆਪਣਾ ਦਲਿਤ ਵਿਰੋਧੀ ਚਿਹਰਾ ਇਕ ਵਾਰ ਫਿਰ ਨੰਗਾ ਕੀਤਾ ਹੈ ਅਤੇ ਆਰ.ਐਸ.ਦਾ ਚਿਹਰਾ ਕੇਂਦਰ ਦੀ ਮੋਦੀ ਸਰਕਾਰ ਤਾਂ ਹਮੇਸ਼ਾ ਤੋਂ ਹੀ ਦਲਿਤ ਵਿਰੋਧੀ ਰਹੀ ਹੈ ਜਿਸ ਨੂੰ ਦਲਿਤ ਭਾਈਚਾਰੇ ਵਲੋਂ ਵੋਟ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹਨਾਂ ਭਾਰਤ ਦੇ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਵਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਕੋਰੋਨਾ ਵੈਕਸੀਨ ਵੇਚਣ ਦੀ ਸੀ.ਬੀ.ਆਈ. ਜਾਂਚ ਕਰਵਾਈ ਜਾਵੇ। ਇਸ ਤੋਂ ਇਲਾਵਾ ਸੁਰਿੰਦਰ ਢੰਡਾ ਨੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਨੂੰ ਵੀ ਤਾੜਨਾ ਕੀਤੀ ਕਿ ਜੇਕਰ ਕਿਸੇ ਵਜ੍ਹਾ ਨਾਲ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਕਵਰ ਹੁੰਦੇ ਵਿਦਿਆਰਥੀਆਂ ਦੇ ਰੋਲ ਨੰਬਰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅੰਬੇਡਕਰ ਸੈਨਾ ਪੰਜਾਬ ਸੜਕਾਂ ਤੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਜਿਸਦੀ ਜਿੰਮੇਵਾਰੀ ਪ੍ਰਾਈਵੇਟ ਵਿਦਿਅਕਤ ਅਦਾਰਿਆਂ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਕਮਲ ਲੱਖਪੁਰ, ਸੁਰਿੰਦਰ ਰਾਵਲਪਿੰਡੀ, ਹਰਜਿੰਦਰ ਜੰਡਾਲੀ, ਰਵੀ, ਪਰਸ ਰਾਮ ਸ਼ਿਵਪੁਰੀ, ਸੋਨੂੰ ਬੰਗਾ ਆਦਿ ਹਾਜਰ ਸਨ।