ਜਲੰਧਰ 15 ਜਨਵਰੀ 2021
ਪੰਜਾਬ ਸਰਕਾਰ ਵਲੋਂ ਮਹਿਲਾਵਾਂ,ਬਜ਼ੁਰਗਾਂ ਅਤੇ ਬੱਚਿਆਂ ਦੇ ਹਿੱਤਾਂ ਦੀ ਰਾਖੀ ਲਈ ਹਰ ਪੁਲਿਸ ਥਾਣੇ ਵਿੱਚ ਤਾਇਨਾਤ ਕੀਤੇ ਗਏ ਪੁਲਿਸ ਮਹਿਲਾ ਮਿੱਤਰ ਸੌਂਪੀ ਗਈ ਜਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾ ਸਕਣ ਨੂੰ ਯਕੀਨੀ ਬਣਾਉਣ ਲਈ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ’ਤੇ ਪੁਲਿਸ ਲਾਈਨ ਵਿਖੇ ਮਹਿਲਾਵਾਂ, ਬੁਜ਼ੁਰਗਾਂ ਅਤੇ ਬੱਚਿਆਂ ਨਾਲ ਸਬੰਧਿਤ ਵੱਖ-ਵੱਖ ਕਾਨੂੰਨਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਲੀਗਲ-ਕਮ-ਪ੍ਰੋਬੇਸ਼ਨ ਅਫਸਰ ਸੰਦੀਪ ਕੁਮਾਰ ਵਲੋਂ ਪੰਜਾਬ ਪੁਲਿਸ ਮਹਿਲਾ ਮਿੱਤਰਾਂ ਨੂੰ ਜੂਵੇਨਾਈਲ ਜਸਟਿਸ(ਬਾਲ ਸੰਭਾਲ ਅਤੇ ਸੁਰੱਖਿਆ) ਐਕਟ 2015, ਬੱਚਿਆਂ ਨੂੰ ਜਿਣਸੀ ਸੋਸ਼ਣ ਤੋਂ ਬਚਾਉਣ ਲਈ ਐਕਟ 2012 ਬਾਰੇ ਵਿਸਥਾਰ ਨਾਲ ਜਾਣਕਾਰੀ ਮੁਹੱਈਆ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਮਹਿਲਾਵਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਹਿੰਸਾ ਤੋਂ ਬਚਾਉਣ ਲਈ ਬਹੁਤ ਹੀ ਸੰਜੀਦਗੀ ਨਾਲ ਕੰਮ ਕੀਤਾ ਜਾ ਰਿਹ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੁਲਿਸ ਥਾਣਿਆਂ ਵਿੱਚ ਪੰਜਾਬ ਪੁਲਿਸ ਮਹਿਲਾ ਮਿੱਤਰ ਤਾਇਨਾਤ ਕਰਨ ਨਾਲ ਇਨ੍ਹਾਂ ਕਾਨੂੰਨਾਂ ਰਾਹੀਂ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਮਹਿਲਾਵਾਂ, ਬਜੁਰਗਾਂ ਅਤੇ ਬੱਚਿਆਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇਗੀ।
ਇਸ ਮੋਕੇ ਸਹਾਇਕ ਪੁਲਿਸ ਕਮਿਸ਼ਨਰ ਸ੍ਰੀ ਧਰਮਪਾਲ ਨੇ ਦੱਸਿਆ ਕਿ ਕਮਿਸ਼ਨਰ ਪੁਲਿਸ ਜਲੰਧਰ ਸ੍ਰ.ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਕਮਿਸ਼ਨਰੇਟ ਪੁਲਿਸ ਮਹਿਲਾਵਾਂ, ਬਜ਼ੁਰਗਾਂ ਅਤੇ ਬੱਚਿਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਪੰਜਾਬ ਪੁਲਿਸ ਮਹਿਲਾ ਮਿੱਤਰ ਪੁਲਿਸ ਥਾਣਿਆਂ ਵਿੱਚ ਤਾਇਨਾਤ ਹੋਣ ਨਾਲ ਬੱਚੇ,ਬਜੁਰਗ ਅਤੇ ਮਹਿਲਾਵਾਂ ਬਿਨਾਂ ਝਿਜਕ ਉਨਾ ਨਾਲ ਹੋ ਰਹੇ ਸ਼ੋਸਣ ਸਬੰਧੀ ਦੱਸ ਸਕਣਗੇ ਜਿਸ ਨਾਲ ਜੁਰਮਾਂ ਵਿੱਚ ਕਮੀ ਆਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਜੈ ਭਾਰਤੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।