
ਫਗਵਾੜਾ 28 ਮਈ (ਸ਼ਿਵ ਕੋੜਾ) ਦੀ ਰੈਵਿਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਦੀ ਰੈਵਿਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਪਰਮਜੀਤ ਰਾਮ ਤਹਿਸੀਲ ਪ੍ਰਧਾਨ ਫਗਵਾੜਾ ਅਤੇ ਬਲਵੀਰ ਰਾਮ ਜਿਲ੍ਹਾ ਪ੍ਰਧਾਨ ਕਪੂਰਥਲਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਟਵਾਰੀਆਂ ਅਤੇ ਕਾਨੂੰਗੋਆਂ ਦੀਆਂ ਹੱਕੀ ਮੰਗਾ ਨੂੰ ਸਵੀਕਾਰ ਕਰਨ ਦੇ ਬਾਵਜੂਦ ਲਾਗੂ ਨਹੀ ਕੀਤਾ ਜਾ ਰਿਹਾ। ਉਹਨਾਂ ਦੱਸਿਆ ਕਿ ਪ੍ਰਮੁੱਖ ਮੰਗਾਂ ‘ਚ ਪਟਵਾਰੀਆਂ ਦੀ ਨਵੀਂ ਭਰਤੀ ਕਰਨਾ, ਪਟਵਾਰੀਆਂ ਦੀ 18 ਮਹੀਨਿਆਂ ਦੀ ਟ੍ਰੇਨਿੰਗ ਨੂੰ ਪਰਖ ਕਾਲ ਵਿਚ ਸ਼ਾਮਲ ਕਰਨਾ, ਪਰਖ ਕਾਲ ਦਾ ਸਮਾਂ 3 ਸਾਲ ਦੀ ਬਜਾਏ 2 ਸਾਲ ਕਰਨਾ, ਡਾਟਾ ਐਂਟਰੀ ਦਾ ਕੰਮ ਪ੍ਰਾਈਵੇਟ ਕੰਪਨੀ ਤੋਂ ਵਾਪਿਸ ਲੈ ਕੇ ਪਟਵਾਰੀਆਂ ਦੇ ਸਪੁਰਦ ਕਰਨਾ ਅਤੇ ਪਟਵਾਰੀਆਂ ਨੂੰ ਕੰਪਿਊਟਰ ਅਤੇ ਡਾਟਾ ਸਾਫਟਵੇਅਰ ਮੁਹੱਇਆ ਕਰਵਾਉਣਾ ਹੈ। ਇਸ ਤੋਂ ਇਲਾਵਾ ਹੋਰ ਮੰਗਾਂ ‘ਚ ਮਿਤੀ 1 ਜਨਵਰੀ 2004 ਤੋਂ ਬਾਅਦ ਭਰਤੀ ਹੋਏ ਪਟਵਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, 7 ਪਟਵਾਰ ਸਰਕਲਾਂ ਪਿੱਛੇ 1 ਫੀਲਡ ਕਾਨੂੰਗੋ ਦੀ ਤੁਰੰਤ ਰਚਨਾ ਕਰਨਾ, ਪੰਜਾਬ ਵਿਚ ਪਟਵਾਰੀਆਂ ਦਾ ਟੋਲ ਟੈਕਸ ਮਾਫ ਕਰਨਾ, ਮਹਿੰਗਾਈ ਭੱਤੇ ਦਾ ਬਕਾਇਆ ਜਾਰੀ ਕਰਕੇ 6ਵੇਂ ਵਿੱਤ ਕਮੀਸ਼ਨ ਦੀ ਰਿਪੋਰਟ ਤੁਰੰਤ ਲਾਗੂ ਕਰਨਾ, ਨਾਇਬ ਤਹਿਸੀਲਦਾਰਾਂ ਦੀ ਪ੍ਰਮੋਸ਼ਨ ਪ੍ਰਤੀਸ਼ਤ ਕਾਨੂੰਗੋਆਂ ਵਿਚੋਂ ਹੀ ਕਰਨਾ ਅਤੇ ਤਰੱਕੀ ਕੋਟਾ 50 ਪ੍ਰਤੀਸ਼ਤ ਤੋਂ ਵਧਾ ਕੇ 100 ਪ੍ਰਤੀਸ਼ਤ ਕਰਨਾ ਸ਼ਾਮਲ ਹੈ। ਇਸ ਮੌਕੇ ਸੁਰਿੰਦਰਪਾਲ ਸਿੰਘ ਕਾਨੂੰਗੋ , ਗੁਰਦੀਪ ਸਿੰਘ ਸੰਧੂ ਕਾਨੂੰਗੋ, ਪਰਮਜੀਤ ਸਿੰਘ ਪਟਵਾਰੀ, ਦਵਿੰਦਰ ਕੁਮਾਰ, ਜਸਪਿੰਦਰ ਸਿੰਘ, ਪਰਵੀਨ ਕੁਮਾਰ ਗੁਰਭੇਜ ਸਿੰਘ, ਰਿਸ਼ੀ ਕੁਮਾਰ , ਮਨਜੀਤ ਸਿੰਘ , ਹੇਮਾ ਦੇਵੀ ਆਦਿ ਪਟਵਾਰੀ ਹਾਜਰ ਸਨ