ਜਲੰਧਰ, 17 ਦਸੰਬਰ

ਪਿੰਡਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦਿੰਦਿਆਂ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਅੱਜ ਆਪਣੇ ਹਲਕੇ ਦੀਆਂ 50 ਪੰਚਾਇਤਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ 5.79 ਕਰੋੜ ਰੁਪਏ ਦੇ ਚੈੱਕ ਸੌਂਪੇ।

ਵਧੇਰੇ ਜਾਣਕਾਰੀ ਦਿੰਦਿਆਂ ਪਰਗਟ ਸਿੰਘ ਨੇ ਦੱਸਿਆ ਕਿ ਪੂਰਬੀ ਵਿਕਾਸ ਬਲਾਕ ਦੀਆਂ 37 ਗ੍ਰਾਮ ਪੰਚਾਇਤਾਂ ਅਤੇ ਰੁੜਕਾਂ ਕਲਾਂ ਬਲਾਕ ਦੀਆਂ 13 ਪੰਚਾਇਤਾਂ ਨੂੰ 14ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਅਧੀਨ ਚੈੱਕ ਵੰਡੇ ਗਏ ਹਨ। ਵਿਧਾਇਕ ਨੇ ਕਿਹਾ ਕਿ ਇਹ ਗ੍ਰਾਂਟ ਸ਼ਹਿਰਾਂ ਦੀ ਤਰਜ਼ ‘ਤੇ ਪੇਂਡੂ ਖੇਤਰਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤਾਂ ਨੂੰ ਆਪੋ-ਆਪਣੇ ਪਿੰਡਾਂ ਵਿਚ ਤੁਰੰਤ ਵਿਕਾਸ ਕਾਰਜ ਸ਼ੁਰੂ ਕਰਨਾ ਲਾਜ਼ਮੀ ਕੀਤਾ ਗਿਆ ਹੈ ।

ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਰਾਜ ਸਰਕਾਰ ਪਿੰਡਾਂ ਦੇ ਸਮੁੱਚੇ ਵਿਕਾਸ ਲਈ ਵਚਨਬੱਧ ਹੈ ਅਤੇ ਇਸ ਮੰਤਵ ਦੀ ਪ੍ਰਾਪਤੀ ਲਈ ਸਮਾਰਟ ਵਿਲੇਜ ਕੰਪੇਨ ਚਲਾਈ ਗਈ ਹੈ, ਜਿਸ ਸਦਕਾ ਪੇਂਡੂ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਸਰਬਪੱਖੀ ਵਿਕਾਸ ਲਈ ਰਾਹ ਪੱਧਰਾ ਹੋਇਆ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਪਿੰਡਾਂ ਦੀਆਂ ਸੜਕਾਂ ਦੇ ਨੈੱਟਵਰਕ ਵਿਚ ਸੁਧਾਰ, ਸਾਫ ਪੀਣ ਵਾਲੇ ਪਾਣੀ ਦੀ ਉਪਲਬਧਤਾ, ਸਕੂਲਾਂ ਵਿਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਪਿੰਡਾਂ ਵਿਚ ਸਿਹਤ ਸਹੂਲਤਾਂ ਅਤੇ ਖੇਡ ਮੈਦਾਨਾਂ ਦੀ ਉਸਾਰੀ ‘ਤੇ ਜ਼ੋਰ ਦਿੱਤਾ ਹੈ।

ਅੱਜ ਚੈੱਕ ਪ੍ਰਾਪਤ ਕਰਨ ਵਾਲੀਆਂ 50 ਗ੍ਰਾਮ ਪੰਚਾਇਤਾਂ ਵਿੱਚ ਗ੍ਰਾਮ ਪੰਚਾਇਤ ਅਲੀਪੁਰ (ਕੇ), ਬੰਬੀਆਂਵਾਲੀ, ਬਰਸਾਲ, ਚਾਚੋਵਾਲ, ਚੰਨਣਪੁਰ, ਚਿਟਿਆਣੀ, ਦੌਲਤਪੁਰ, ਧਨਾਲ ਕਲਾਂ, ਧਨਾਲ ਖੁਰਦ, ਦਿਵਾਲੀ, ਫ਼ਤਿਹਪੁਰ, ਹਮੀਰੀ ਖੇੜਾ, ਹਰਦੋ ਫਰਾਲਾ, ਜਮਸ਼ੇਰ, ਜੰਡਿਆਲੀ, ਜੁਗਰਾਲੀ, ਕਾਦੀਆਂਵਾਲੀ ਕਾਸਿਮਪੁਰ, ਖੇੜਾ, ਖੁਨ-ਖੁਨ, ਕੋਟ ਕਲਾਂ, ਕੋਟ-ਖੁਰਦ, ਕੁੱਕੜ ਪਿੰਡ, ਲੋਹਾਰ ਸੁੱਖਾ ਸਿੰਘ, ਮੀਰਾਪੁਰ, ਨਾਨਕ ਪਿੰਡੀ, ਨਾਗਲ ਪੁਰਦਿਲ, ਪ੍ਰਤਾਪਪੁਰਾ, ਫੁਲੜੀਵਾਲ, ਫੂਲਪੁਰ, ਰਾਏਪੁਰ, ਸਲਾਰਪੁਰ, ਸਲਾਮਪੁਰ ਮਸੰਦਾ, ਸਪਰਾਇ, ਸ਼ਾਹਪੁਰ, ਉਧੋਪੁਰ, ਉਸਮਾਨਪੁਰ, ਚੋਲਾਂਗ, ਦਾਦੂਵਾਲ, ਧਨੀ ਪਿੰਡ, ਕੰਗਣੀਵਾਲ, ਲਖਨਪਾਲ, ਮਾਛੀਆਣਾ, ਨੱਥੇਵਾਲ, ਪੰਡੌਰੀ ਮੁਸ਼ਰਕੱਟੀ, ਸਮਰਾਇ, ਸਰਹਾਲੀ ਅਤੇ ਸੁਨੇਰ ਖੁਰਦ ਸ਼ਾਮਿਲ ਸਨ।

ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਸਰਪੰਚਾਂ ਨੂੰ ਆਪੋ-ਆਪਣੇ ਪਿੰਡਾਂ ਵਿੱਚ ਤੁਰੰਤ ਵਿਕਾਸ ਕਾਰਜ ਆਰੰਭ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਰਕਮ ਪਿੰਡਾਂ ਵਿੱਚ ਡਰੇਨੇਜ ਸਿਸਟਮ, ਸੜਕਾਂ, ਪਾਰਕ ਅਤੇ ਹੋਰ ਬੁਨਿਆਦੀ ਢਾਂਚੇ ਦੇ ਵਿਕਾਸ  ‘ਤੇ ਖਰਚ ਕੀਤੀ ਜਾਵੇਗੀ। ਵਿਧਾਇਕ ਨੇ ਪੰਚਾਇਤਾਂ ਨੂੰ ਅੱਗੇ ਕਿਹਾ ਕਿ ਉਹ ਸਾਰੇ ਕੰਮ ਨਿਰਧਾਰਤ ਸਮੇਂ ਦੇ ਅੰਦਰ ਮੁਕੰਮਲ ਕਰਨ ਤਾਂ ਜੋ ਪੁਰਾਣੇ ਕੰਮ ਖਤਮ ਹੋਣ ਤੋਂ ਤੁਰੰਤ ਬਾਅਦ ਨਵੇਂ ਕਾਰਜ ਸ਼ੁਰੂ ਕੀਤੇ ਜਾ ਸਕਣ।

ਇਸ ਮੌਕੇ ਪਿੰਡ ਰਾਏਪੁਰ ਦੇ ਸਰਪੰਚ ਬਲਬੀਰ ਸਿੰਘ, ਜਮਸ਼ੇਦ ਦੇ ਸਰਪੰਚ ਬਿੱਟੂ ਸ਼ਾਹ, ਕੁੱਕੜਪਿੰਡ ਦੇ ਸਰਪੰਚ ਮੰਗਾ, ਹਰਦੋ ਫਰਾਲਾ ਦੇ ਸਰਪੰਚ ਸਤਪਾਲ ਅਤੇ ਦੌਲਤਪੁਰ ਦੇ ਸਰਪੰਚ ਨਿਰਮਲ ਕੌਰ ਅਤੇ ਹੋਰ ਮੌਜੂਦ ਸਨ।