ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀਡੀਓ ਕਾਨਫ਼ਰੰਸ ਰਾਹੀਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਕੀਤੀ ਗਈ। ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਵਿਸਾਖੀ ਮੌਕੇ ਇਕੱਠ ਨਹੀਂ ਹੋਵੇਗਾ। ਉੱਥੇ ਹੀ ਇਸ ਇਕੱਤਰਤਾ ਉਪਰੰਤ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਗਤ ਨੂੰ ਆਦੇਸ਼ ਕੀਤਾ ਹੈ ਕਿ ਦੁਨੀਆਂ ਭਰ ‘ਚ ਫੈਲੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਸ ਵਾਰ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਗੁਰਦੁਆਰਾ ਸਾਹਿਬਾਨ ਵਿਖੇ ਵੱਡੇ ਇਕੱਠ ਕਰਨ ਦੀ ਬਜਾਏ ਗੁਰਦੁਆਰਾ ਸਾਹਿਬਾਨ ਵਿਖੇ ਸ੍ਰੀ ਅਖੰਡ ਪਾਠ ਜਾਂ ਸਹਿਜ ਪਾਠ ਕਰ ਕੇ ਸਮਾਪਤੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਕੇ ਮਨਾਇਆ ਜਾਵੇ ਤੇ ਹਰ ਸਿੱਖ ਯਤਨ ਕਰੇ ਕਿ ਇਸ ਪੁਰਬ ਨੂੰ ਸਮਰਪਿਤ ਆਪਣੇ ਘਰ ਬੈਠ ਕੇ ਇੱਕ ਸਹਿਜ ਪਾਠ ਕਰੇ। ਇਸ ਦੇ ਨਾਲ ਹੀ ਸੰਗਤ ਆਪਣੇ ਘਰ ਬੈਠ ਕੇ ਹੀ ਖ਼ਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਇਤਿਹਾਸਕ ਅਸਥਾਨਾਂ ਤੋਂ ਟੀਵੀ ਚੈਨਲਾਂ /ਆਨਲਾਈਨ ਲਾਈਵ ਹੋ ਰਹੇ ਕਥਾ ਕੀਰਤਨ ਸਰਵਨ ਕਰੇ ਤੇ ਅਗਲੇ ਆਦੇਸ਼ ਤੱਕ ਕੋਈ ਵੀ ਵੱਡਾ ਧਾਰਮਿਕ ਸਮਾਗਮ ਨਾ ਕੀਤਾ ਜਾਵੇ। ਇਸ ਇਕੱਤਰਤਾ ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ, ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਸ਼ਾਮਿਲ ਹੋਏ।